- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰੇ ਤੇ ਦੀਵਾਲੀ ਦੇ ਮੱਦੇਨਜ਼ਰ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਵੱਲੋਂ ਸਰਚ ਆਪ੍ਰੇਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਆਉਣ ਵਾਲੇ ਦੁਸਹਿਰੇ ਅਤੇ ਦੀਵਾਲੀ ਦੇ ਤਿਉਹਾਰਾਂ ਦੌਰਾਨ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਯਾਤਰੀਆਂ ਨੂੰ ਸੁਰੱਖਿਆ ਸਬੰਧੀ ਜ਼ਰੂਰੀ ਜਾਣਕਾਰੀ ਵੀ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਪੈਸ਼ਲ ਡੀ.ਜੀ.ਪੀ., ਜੀ.ਆਰ.ਪੀ. ਪਟਿਆਲਾ ਅਤੇ ਡੀ.ਐੱਸ.ਪੀ. ਜ਼ੋਨਲ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 16 ਅਕਤੂਬਰ 2026 ਨੂੰ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਦੀ ਪੁਲਿਸ ਟੀਮ ਵੱਲੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਵਿਖੇ ‘ਪੈਸੰਜਰ ਅਵੇਅਰਨੈੱਸ ਅਤੇ ਸਰਚ ਆਪ੍ਰੇਸ਼ਨ’ ਚਲਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਦੇ ਮੁੱਖ ਅਫ਼ਸਰ ਇੰਸਪੈਕਟਰ ਨਵੀਨ ਕੁਮਾਰ ਵੱਲੋਂ ਕੀਤੀ ਗਈ। ਚੈਕਿੰਗ ਦੌਰਾਨ ਪੁਲਿਸ ਟੀਮ ਨੇ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ, ਆਉਣ-ਜਾਣ ਵਾਲੀਆਂ ਟਰੇਨਾਂ, ਵੇਟਿੰਗ ਏਰੀਏ, ਮੋਟਰਸਾਈਕਲ ਪਾਰਕਿੰਗ ਅਤੇ ਐਂਟਰੀ ਤੇ ਐਗਜ਼ਿਟ ਗੇਟਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ। ਪੁਲਿਸ ਅਨੁਸਾਰ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਸ ਮੌਕੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਜਾਂ ਟਰੇਨ ਵਿੱਚ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਬੈਗ ਅਤੇ ਹੋਰ ਸਾਮਾਨ ਦਿਖਾਈ ਦਿੰਦਾ ਹੈ ਤਾਂ ਉਹ ਖੁਦ ਉਸ ਨੂੰ ਛੂਹਣ ਦੀ ਬਜਾਏ ਤੁਰੰਤ ਨਜ਼ਦੀਕੀ ਜੀ.ਆਰ.ਪੀ. ਜਾਂ ਆਰ.ਪੀ.ਐੱਫ. ਨੂੰ ਸੂਚਿਤ ਕਰਨ।