- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਦ ਲਈ ਕਿਸਾਨਾਂ ਦੀ ਖੱਜਲ-ਖੁਆਰੀ ਬੰਦ ਕਰੇ ਸਰਕਾਰ : ਸੁਖਦੇਵ ਸਿੰਘ ਸਨ੍ਹੇਰ

-ਕਿਹਾ, ਖਾਦਾਂ ਦੀ ਨਿਰਵਿਘਨ ਸਪਲਾਈ ਤੇ ਵਾਜਬ ਕੀਮਤਾਂ ’ਤੇ ਉਪਲੱਬਧਤਾ ਯਕੀਨੀ ਬਣਾਉਣ ਦੀ ਮੰਗ
6)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਨੇ ਕਿਸਾਨਾਂ ਨੂੰ ਦਰਪੇਸ਼ ਯੂਰੀਆ ਖਾਦ ਦੀ ਕਿੱਲਤ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਖੇਤੀਬਾੜੀ ਦੇ ਮਹੱਤਵਪੂਰਨ ਸੀਜ਼ਨ ਦੌਰਾਨ ਖਾਦਾਂ ਦੀ ਘਾਟ ਕਿਸਾਨਾਂ ਲਈ ਗੰਭੀਰ ਸੰਕਟ ਬਣਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਖਾਦਾਂ ਦੀ ਸਪਲਾਈ ਸੁਚਾਰੂ ਬਣਾਏ ਅਤੇ ਕਿਸਾਨਾਂ ਨੂੰ ਖਾਦ ਦੇ ਨਾਲ ਵਾਧੂ ਤੇ ਬੇਲੋੜੀਆਂ ਵਸਤਾਂ ਖਰੀਦਣ ਲਈ ਮਜਬੂਰ ਕਰਨ ਦੀ ਪ੍ਰਥਾ ਬੰਦ ਕਰੇ। ਇੱਕ ਪ੍ਰੈੱਸ ਨੋਟ ਰਾਹੀਂ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਕਦੇ ਡੀਏਪੀ ਤੇ ਕਦੇ ਯੂਰੀਆ ਖਾਦ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਦਾਂ ਸਮੇਂ ਸਿਰ ਨਾ ਮਿਲਣ ਕਾਰਨ ਕਣਕ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਤੇ ਉਨ੍ਹਾਂ ਦੀ ਲੋੜੀਂਦੀ ਦੇਖਭਾਲ ਪ੍ਰਭਾਵਿਤ ਹੋ ਰਹੀ ਹੈ। ਖੇਤੀਬਾੜੀ ਵਿੱਚ ਹਰ ਕੰਮ ਨਿਰਧਾਰਤ ਸਮੇਂ ’ਤੇ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਕਿਸਾਨ ਨੂੰ ਲੋੜ ਵੇਲੇ ਖਾਦ ਹੀ ਨਾ ਮਿਲੇ ਤਾਂ ਇਸਦਾ ਅਸਰ ਫ਼ਸਲ ਦੇ ਵਿਕਾਸ ਤੇ ਪੈਦਾਵਾਰ ’ਤੇ ਪੈਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮਹਿੰਗੇ ਬੀਜਾਂ, ਡੀਜ਼ਲ, ਮਜ਼ਦੂਰੀ ਤੇ ਹੋਰ ਖੇਤੀ ਲਾਗਤਾਂ ਕਾਰਨ ਆਰਥਿਕ ਦਬਾਅ ਹੇਠ ਹਨ। ਅਜਿਹੇ ਹਾਲਾਤ ਵਿੱਚ ਖਾਦਾਂ ਦੀ ਘਾਟ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਿਸਾਨਾਂ ਨੂੰ ਖੇਤੀ ਲਈ ਲੁੜੀਂਦੀਆਂ ਵਸਤਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ, ਨਾ ਕਿ ਉਨ੍ਹਾਂ ਨੂੰ ਖਾਦ ਲੈਣ ਲਈ ਵੱਖ-ਵੱਖ ਥਾਵਾਂ ’ਤੇ ਭਟਕਣਾ ਪਵੇ। ਕਿਸਾਨ ਆਗੂ ਨੇ ਯੂਰੀਆ ਖਾਦ ਦੇ ਨਾਲ ਹੋਰ ਵਾਧੂ ਸਮਾਨ ਲੈਣ ਦੀ ਸ਼ਰਤ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਲੋੜ ਅਨੁਸਾਰ ਖਾਦ ਖਰੀਦਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਖਾਦ ਦੇ ਨਾਲ ਬੇਲੋੜੀਆਂ ਵਸਤਾਂ ਲੈਣ ਲਈ ਮਜਬੂਰ ਕਰਨਾ ਕਿਸਾਨਾਂ ਦੀ ਜੇਬ ’ਤੇ ਵਾਧੂ ਬੋਝ ਪਾਉਣ ਦੇ ਬਰਾਬਰ ਹੈ। ਉਨ੍ਹਾਂ ਮੰਗ ਕੀਤੀ ਕਿ ਸੁਸਾਇਟੀਆਂ ਰਾਹੀਂ ਖਾਦ ਦੇ ਨਾਲ ਵਾਧੂ ਸਮਾਨ ਦੇਣ ਦੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਖਾਦਾਂ ਦੀ ਕਿੱਲਤ ਤੇ ਕਿਸਾਨਾਂ ’ਤੇ ਵਾਧੂ ਸਮਾਨ ਥੋਪਣ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕਿਸਾਨ ਜਥੇਬੰਦੀ ਵੱਲੋਂ ਵੱਡੇ ਪੱਧਰ ’ਤੇ ਲਾਮਬੰਦੀ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਾਬਾ ਤਰਸੇਮ ਸਿੰਘ, ਦਰਸ਼ਨ ਸਿੰਘ ਮੀਹਾ ਸਿੰਘ ਵਾਲਾ ਐਗਜ਼ੈਕਟਿਵ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਆਂ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਜਨਰਲ ਸਕੱਤਰ, ਹਰਪ੍ਰੀਤ ਸਿੰਘ ਲੋਂਗੋ ਦੇਵਾ ਮੀਤ ਪ੍ਰਧਾਨ ਫ਼ਿਰੋਜ਼ਪੁਰ, ਮੋਹਣ ਸਿੰਘ ਨੰਬਰਦਾਰ, ਆਤਮਾ ਸਿੰਘ ਸੂਰ ਦੇਵਾ, ਮਹਿੰਦਰ ਸਿੰਘ ਮਨਸੂਰ ਦੇਵਾ, ਸਤਨਾਮ ਸਿੰਘ ਸੇਖਵਾਂ, ਰਾਮ ਸਿੰਘ ਸੇਖਵਾਂ, ਭੁਪਿੰਦਰ ਸਿੰਘ ਨੂਰਪੁਰ ਬਲਾਕ ਪ੍ਰਧਾਨ ਮਖੂ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ ਅਤੇ ਅੰਮ੍ਰਿਤ ਪਾਲ ਸਿੰਘ ਸਾਧੂਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।