ਪਰਾਲੀ ਦੀ ਸਾਂਭ-ਸੰਭਾਲ ਲਈ ਸਰਕਾਰ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ : ਸ਼ੇਰ-ਏ-ਪੰਜਾਬ ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ: ਸ਼ੇਰ -ਏ -ਪੰਜਾਬ ਜੱਥੇਬੰਦੀ
Publish Date: Sat, 19 Sep 2026 04:57 PM (IST)
Updated Date: Sat, 19 Sep 2026 04:59 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਅਤੇ ਸੂਬਾ ਪ੍ਰੈੱਸ ਸਕੱਤਰ ਤੇ ਮੀਡੀਆ ਇੰਚਾਰਜ਼ ਮੰਗਲ ਸਿੰਘ ਸੰਧੂ ਸ਼ਾਹਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨਾਂ ਤੱਕ ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਵਾਲੀ ਹੈ ਅਤੇ ਜੋ ਝੋਨਾ ਵੱਢਣ ਤੋਂ ਬਾਅਦ ਪਿੱਛੇ ਝੋਨੇ ਦੀ ਰਹਿੰਦ ਖੂੰਹਦ ਰਹਿ ਜਾਂਦੀ ਹੈ ਉਸ ਨੂੰ ਅੱਗ ਲਾਉਣੀ ਛੋਟੇ ਕਿਸਾਨਾਂ ਦੀ ਮਜਬੂਰੀ ਬਣ ਜਾਂਦੀ ਹੈ।ਕਿਉਂਕਿ ਪੰਜ ਤੋਂ ਸੱਤ ਏਕੜ ਵਾਲਾ ਕਿਸਾਨ ਝੋਨਾ ਵੱਢਣ ਤੋਂ ਬਾਅਦ ਪਿੱਛੇ ਬਚੀ ਫਾਲਤੂ ਪਰਾਲੀ ਨੂੰ ਸੰਭਾਲਣ ਲਈ ਕਰੋੜਾਂ ਰੁਪਏ ਦੇ ਮਹਿੰਗੇ ਟਰੈਕਟਰ ਅਤੇ ਮਸ਼ੀਨਰੀ ਨਹੀਂ ਖਰੀਦ ਸਕਦਾ।ਇਸ ਲਈ ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ।ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਸ ਪਰਾਲੀ ਨੂੰ ਸੰਭਾਲਣ ਲਈ ਵੱਡੇ- ਵੱਡੇ ਦਾਅਵੇ ਕੀਤੇ ਜਾਂਦੇ ਹਨ,ਪਰ ਇਹ ਦਾਅਵੇ ਸਿਰਫ ਕਾਗਜਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ।ਇਸ ਲਈ ਸ਼ੇਰ- ਏ -ਪੰਜਾਬ ਕਿਸਾਨ ਯੂਨੀਅਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇ ਸਾਡੀਆਂ ਸਰਕਾਰਾਂ ਸੱਚਮੁੱਚ ਪਰਾਲੀ ਦਾ ਹੱਲ ਕਰਨਾ ਚਾਹੁੰਦੀਆਂ ਹਨ ਤਾਂ ਉਹ ਪਰਾਲੀ ਨੂੰ ਸੰਭਾਲਣ ਲਈ ਕਿਸਾਨ ਭਰਾਵਾਂ ਨੂੰ ਪ੍ਰਤੀ ਏਕੜ 6 ਹਜਾਰ ਰੁਪਏ ਮੁਆਵਜਾ ਦੇਵੇ ਨਹੀਂ ਤਾਂ ਪਰਾਲੀ ਨੂੰ ਸਾੜਨ ਦੀ ਖੁੱਲ੍ਹ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰੇ ਕਿਉਂਕਿ ਬਹੁਤੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਚੁੱਕੀ ਹੈ,ਪਰ ਸਰਕਾਰੀ ਖਰੀਦ ਨਾ ਹੋਣ ਕਰਕੇ ਪ੍ਰਾਈਵੇਟ ਅਦਾਰੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਕਿਸਾਨ ਆਗੂਆਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਲੋੜੀਂਦੀ ਸੁਵਿਧਾ ਦੇ ਪ੍ਰਬੰਧ ਕਰੇ। ਸਾਰੀਆਂ ਦਾਣਾ ਮੰਡੀਆਂ ਵਿੱਚ ਮਾਰਕੀਟ ਕਮੇਟੀ ਵੱਲੋਂ ਪਾਸ ਕੀਤੇ ਕੰਡੇ ਅਤੇ ਵੱਟਿਆਂ ਦੀ ਵਰਤੋਂ ਕੀਤੀ ਜਾਵੇ,ਜੋ ਵੀ ਮਾਰਕੀਟ ਕਮੇਟੀ ਵੱਲੋਂ ਮਾਊਚਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਦਾਣਾ ਮੰਡੀਆਂ ਵਿੱਚ ਭੇਜੀਆਂ ਜਾਂਦੀਆਂ ਹਨ ਸਿਰਫ ਉਨ੍ਹਾਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ।ਇਸ ਮੌਕੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ, ਮੀਡੀਆ ਇੰਚਾਰਜ ਦੀਪਕ ਭਾਰਗੋ, ਗੁਰਪ੍ਰੀਤ ਸਿੰਘ ਭੁੱਲਰ ਜ਼ਿਲ੍ਹਾ ਕਮੇਟੀ ਮੈਂਬਰ, ਬਲਰਾਜ ਸਿੰਘ ਸਿੱਧੂ ਜ਼ਿਲ੍ਹਾ ਕਮੇਟੀ ਮੈਂਬਰ, ਗੁਰਮੇਲ ਸਿੰਘ ਸਾਬਕਾ ਸਰਪੰਚ, ਲਖਵੀਰ ਸਿੰਘ ਸਲਾਹਕਾਰ, ਬਲਜਿੰਦਰ ਸਿੰਘ ਮੀਤ ਪ੍ਰਧਾਨ, ਹਰਿਮੰਦਰ ਸਿੰਘ ਬਲਾਕ ਆਗੂ,ਕੌਰਾ ਸਿੰਘ,ਗੁਰਪ੍ਰੀਤ ਸਿੰਘ ਬਰਾੜ, ਰਣਜੋਧ ਸਿੰਘ ਭਿੰਡਰ ਮੈਂਬਰ, ਮਨਿੰਦਰ ਸਿੰਘ ਸੰਧੂ ਇਕਾਈ ਪ੍ਰਧਾਨ ਆਦਿ ਵਰਕਰ ਹਾਜ਼ਰ ਸਨ।