ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਵੇ ਸਰਕਾਰ : ਜੋੜਾ
ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਵੇ ਸਰਕਾਰ: ਸੁਰਿੰਦਰ ਸਿੰਘ ਜੋੜਾ
Publish Date: Sun, 05 Apr 2026 04:11 PM (IST)
Updated Date: Sun, 05 Apr 2026 04:13 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਪੰਜਾਬ ਵਿਚ ਪਿਛਲੇ ਦਿਨਾਂ ਤੋਂ ਪੈ ਰਹੀ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ। ਖੜੀ ਹੋਈ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਕਈ ਥਾਵਾਂ ’ਤੇ ਹਾਲਤ ਇਹ ਹੈ ਕਿ ਕਣਕ ਦੇ ਸਿੱਟਿਆ ਵਿੱਚੋਂ ਦਾਣਾ ਤੱਕ ਖਤਮ ਹੋ ਗਿਆ ਹੈ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੋੜਾ ਨੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਹੜਾਂ ਕਾਰਨ ਨੁਕਸਾਨ ਝੱਲ ਚੁੱਕੇ ਹਨ ਅਤੇ ਹੁਣ ਬੇਮੌਸਮੀ ਬਰਸਾਤ ਨੇ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਹੈ। ਕਿਸਾਨਾਂ ’ਤੇ ਆੜ੍ਹਤੀਆਂ ਦੇ ਕਰਜ਼ੇ ਅਤੇ ਬੈਂਕਾਂ ਦੀਆਂ ਲਿਮਟਾਂ ਦਾ ਵੀ ਵੱਡਾ ਬੋਝ ਹੈ। ਜੋੜਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਪ੍ਰਭਾਵਿਤ ਇਲਾਕਿਆਂ ’ਚ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਨੁਕਸਾਨ ਦਾ ਸਹੀ ਅੰਦਾਜ਼ਾ ਲੱਗ ਸਕੇ ਅਤੇ ਕਿਸਾਨਾਂ ਨੂੰ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ। ਇਸਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਣਕ ’ਤੇ ਘੱਟੋ-ਘੱਟ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਸਰਕਾਰਾਂ ਵੱਲੋਂ ਕਦਮ ਨਾ ਚੁੱਕੇ ਗਏ ਤਾਂ ਕਿਸਾਨ ਹੋਰ ਵੱਡੇ ਸੰਕਟ ਵਿਚ ਫਸ ਸਕਦੇ ਹਨ।