ਗੁਰਭੇਜ ਸਿੰਘ ਕੋਹਾਲਾ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਸਰਕਾਰੀ ਹਾਈ ਸਕੂਲ ਕੋਹਾਲਾ ਦਾ ਚਮਕਿਆ ਪੰਜਾਬ ਪੱਧਰ ਤੇ ਨਾਂ
Publish Date: Sun, 06 Sep 2026 06:37 PM (IST)
Updated Date: Sun, 06 Sep 2026 06:40 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸਰਕਾਰੀ ਹਾਈ ਸਕੂਲ ਕੋਹਾਲਾ ਦੇ ਅਧਿਆਪਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਅਧਿਆਪਕ ਸਰਦਾਰ ਗੁਰਭੇਜ ਸਿੰਘ ਕੋਹਾਲਾ ਵੱਲੋਂ ਸਕੂਲ ਦੀ ਕਾਇਆ ਕਲਪ ਕਰਨ ਅਤੇ ਸਿੱਖਿਆ ਦੀ ਬਿਹਤਰੀ ਲਈ ਕੀਤੇ ਗਏ ਅਣਥੱਕ ਯਤਨ, ਮਿਹਨਤ ਅਤੇ ਵੱਡਮੁੱਲੇ ਯੋਗਦਾਨ ਸਦਕਾ ਸਦਕਾ 5 ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਡਾ. ਅੰਬੇਡਕਰ ਆਡੀਟੋਰੀਅਮ ਵਿਕਾਸ ਭਵਨ ਅਜੀਤਗੜ੍ਹ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇੱਥੇ ਜ਼ਿਕਰਯੋਗ ਹੈ ਕਿ ਗੁਰਭੇਜ ਸਿੰਘ ਕੋਹਾਲਾ ਤੇ ਉਨ੍ਹਾਂ ਦੀ ਧਰਮ ਸੁਪਤਨੀ ਕਰਮਜੀਤ ਕੌਰ ਪਿਛਲੇ 18 ਸਾਲਾਂ ਤੋਂ ਇਸ ਸਕੂਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਦੋਂ ਉਹ ਇਸ ਸਕੂਲ ਵਿੱਚ ਆਏ ਤਾਂ ਇਹ ਰੂੜੀਆਂ ਨਾਲ ਘਿਰਿਆ ਹੋਇਆ ਛੋਟਾ ਜਿਹਾ ਮਿਡਲ ਸਕੂਲ ਸੀ। ਇਨ੍ਹਾਂ ਨੇ ਪੰਚਾਇਤ ਨੂੰ ਪ੍ਰੇਰਿਤ ਕਰਕੇ ਤਿੰਨ ਏਕੜ ਜ਼ਮੀਨ ਪ੍ਰਾਪਤੀ ਕੀਤੀ। ਪਿੰਡ ਦੀ ਪੰਚਾਇਤ ਤੇ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਨਾਲ ਸਰਕਾਰ ਵੱਲੋ ਆਪਣੇ ਕੋਲੋਂ 13 ਲੱਖ ਰੁਪਏ ਸਕੂਲ ਦੀ ਬਿਹਤਰੀ ਲਈ ਖਰਚ ਕਰਕੇ ਸਕੂਲ ਨੂੰ ਹਰੇ ਭਰੇ ਦਿਲ ਖਿੱਚਵੇਂ ਵਾਤਾਵਰਨ ਵਿਚ ਤਬਦੀਲ ਕੀਤਾ। ਸਕੂਲ ਦਾ ਸੁੰਦਰ ਗੇਟ ਪੰਜਾਬੀ ਮਾਂ ਬੋਲੀ ਦੀਆਂ ਝਲਕਾਂ ਨਾਲ ਜੀ ਆਇਆਂ ਆਖਦਾ ਹੈ। ਸਾਹਮਣੇ ਸ਼ਾਨਦਾਰ ਦਫ਼ਤਰ ਤੇ ਵਿਰਾਸਤੀ ਦਿੱਖ ਨਜ਼ਰੀਂ ਪੈਂਦੀ ਹੈ। ਇੱਕ ਪਾਸੇ ਭਾਈ ਘਨ੍ਹਈਆ ਜੀ ਦਾ ਸਰੂਪ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਤੇ ਦੂਜੇ ਪਾਸੇ ਬਣੀ ਹੋਈ ਦਿਲ ਖਿੱਚਵੀਂ ਗੁਰਮੁਖੀ ਕਿਆਰੀ ਵਿੱਚ ਸਜੇ ਗੁਰਮੁਖੀ ਦੇ ਅੱਖਰ ਤੇ ਪੰਜਾਬ ਦੀ ਵਿਰਾਸਤ ਵਿਦਿਆਰਥੀਆਂ ਨੂੰ ਸੁਤੇ ਸਿੱਧ ਹੀ ਆਪਣੇ ਵਿਰਸੇ ਤੇ ਮਾਂ ਬੋਲੀ ਨਾਲ਼ ਜੋੜੀ ਰੱਖਦੀ ਹੈ। ਵਿੱਦਿਅਕ ਪਾਰਕ ਵਿੱਚ ਬਣੇ ਵੱਖ ਵੱਖ ਮਾਡਲ ਗਣਿਤ ਵਿਗਿਆਨ ਤੇ ਸਮਾਜਿਕ ਸਿੱਖਿਆ ਦੇ ਵਿਸ਼ਿਆਂ ਵਿਚ ਰੁਚੀ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬਣਿਆ ਹੋਇਆ ਹਰਿਆ ਭਰਿਆ ਪਾਰਕ ਸਾਨੂੰ ‘ਪਵਣ ਗੁਰੂ ਪਾਣੀ ਪਿਤਾ’ ਦਾ ਇਲਾਹੀ ਸੰਦੇਸ਼ ਦਿੰਦਾ ਹੈ। ਸਕੂਲ ਵਿੱਚ ਬਹੁਤ ਹੀ ਸ਼ਾਨਦਾਰ ਹਾਲ ਤੇ ਸਾਇੰਸ ਪ੍ਰਯੋਗਸ਼ਾਲਾ ਬਣੀ ਹੋਈ ਹੈ। ਸਕੂਲ ਵਿੱਚ ਬਣੀ ਹੋਈ ਬਹੁਤ ਹੀ ਸ਼ਾਨਦਾਰ ਤੇ ਵਿਲੱਖਣ ਭਾਈ ਵੀਰ ਸਿੰਘ ਲਾਇਬਰੇਰੀ ਦਿਲ ਨੂੰ ਟੁੰਬਦੀ ਹੈ। ਸਕੂਲ ਦਾ ਨਤੀਜਾ ਹਰ ਸਾਲ 100 ਪ੍ਰਤੀਸ਼ਤ ਆਉਂਦਾ ਹੈ ਤੇ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ,ਭਾਸ਼ਣ, ਕਵੀਸ਼ਰੀ,ਆਮ ਗਿਆਨ, ਮੈਥ ਤੇ ਪੰਜਾਬੀ ਓਲੰਪੀਆਡ ਵਿਚ ਪੰਜਾਬ ਪੱਧਰ ਤੱਕ ਮੱਲਾਂ ਮਾਰੀਆਂ ਹਨ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ੍ਰੀ ਮਤੀ ਸੁਨੀਤਾ ਰਾਣੀ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ਼ ਸਤਿੰਦਰ ਸਿੰਘ ਤੇ ਸ੍ਰੀ ਕੋਮਲ ਅਰੋੜਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ,ਬੀਐੱਨਓ ਸੰਜੀਵ ਟੰਡਨ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਮੁੱਖ ਅਧਿਆਪਕ ਇੰਦਰਜੀਤ ਸਿੰਘ, ਕਰਮਜੀਤ ਕੌਰ ਐੱਸ ਐੱਸ ਮਿਸਟ੍ਰੈਸ, ਰਤਨਦੀਪ ਸਿੰਘ ਮੈਥ ਮਾਸਟਰ, ਗੁਰਜੰਟ ਸਿੰਘ ਸਾਇੰਸ ਮਾਸਟਰ ਸਹਸ ਕੋਹਾਲਾ, ਦਲਜੀਤ ਸਿੰਘ ਐੱਸਐੱਮਸੀ ਚੇਅਰਮੈਨ, ਕੁਲਦੀਪ ਸਰਪੰਚ ਗ੍ਰਾਮ ਪੰਚਾਇਤ ਕੋਹਾਲਾ, ਹਰਪ੍ਰੀਤ ਸਿੰਘ ਸਾਬਕਾ ਸਰਪੰਚ ਕੋਹਾਲਾ, ਸਮੂਹ ਨਗਰ ਨਿਵਾਸੀ ਪਿੰਡ ਕੋਹਾਲਾ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ