ਕਬੱਡੀ ਦੇ ਅਖਾੜੇ ’ਚ ਧੀਆਂ ਦੀ ਧੂਮ, ਘੱਲ ਖੁਰਦ ਜ਼ੋਨ ਨੇ ਮਾਰੀ ਬਾਜ਼ੀ ਕਬੱਡੀ ਦੇ ਅਖਾੜੇ ’ਚ ਛਾਈਆਂ ਧੀਆਂ, ਘੱਲ ਖੁਰਦ ਜੋਨ ਨੇ ਮਾਰੀ ਬਾਜ਼ੀ
Publish Date: Sat, 29 Aug 2026 04:56 PM (IST)
Updated Date: Sat, 29 Aug 2026 04:58 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸੈਸ਼ਨ 2026-27 ਦੀਆਂ ਸਕੂਲ ਖੇਡਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਚਕ ਵਿੰਡ ਦੇ ਵਿਹੜੇ ਵਿੱਚ ਕਬੱਡੀ ਸਰਕਲ ਸਟਾਈਲ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਲੜਕੀਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਖੇਡ ਮੈਦਾਨ ਵਿਚ ਉਤਰੀਆਂ ਵਿਦਿਆਰਥਣਾਂ ਨੇ ਪੂਰੇ ਜੋਸ਼, ਜਜ਼ਬੇ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਵਾਹ-ਵਾਹ ਖੱਟੀ।ਟੂਰਨਾਮੈਂਟ ਦਾ ਆਗਾਜ਼ ਪਿੰਡ ਚੂਚਕ ਵਿੰਡ ਦੇ ਸਰਪੰਚ ਚਾਨਣ ਸਿੰਘ ਅਤੇ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਵੱਲੋਂ ਕੀਤਾ ਗਿਆ। ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਜੋਨਾਂ ਤੋਂ ਲਗਭਗ 15 ਲੜਕੀਆਂ ਦੀਆਂ ਕਬੱਡੀ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ। ਸਕੂਲ ਦੀ ਡੀਪੀ ਸਰਬਜੀਤ ਕੌਰ ਨੇ ਦੱਸਿਆ ਕਿ ਅੰਡਰ-19 ਵਰਗ ਦਾ ਫਾਈਨਲ ਮੁਕਾਬਲਾ ਜੋਨ ਘੱਲ ਖੁਰਦ ਅਤੇ ਜੋਨ ਜ਼ੀਰਾ ਵਿਚਕਾਰ ਹੋਇਆ, ਜਿਸ ਵਿਚ ਜੋਨ ਘੱਲ ਖੁਰਦ ਨੇ ਪਹਿਲਾ ਸਥਾਨ ਅਤੇ ਜੀਰਾ ਜੋਨ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ਵਿੱਚ ਵੀ ਘੱਲ ਖੁਰਦ ਜੋਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਵਰਗ ਵਿੱਚ ਘੱਲ ਖੁਰਦ ਜੋਨ ਪਹਿਲੇ, ਫਿਰੋਜ਼ਪੁਰ-2 ਜੋਨ ਦੂਜੇ ਅਤੇ ਜੀਰਾ ਜੋਨ ਤੀਜੇ ਸਥਾਨ ’ਤੇ ਰਿਹਾ। ਟੂਰਨਾਮੈਂਟ ਕਮੇਟੀ ਦੇ ਮੈਂਬਰ ਦਲਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਸਮੇਤ ਚੂਚਕ ਵਿੰਡ ਦੇ ਸਮੂਹ ਸਟਾਫ ਮਨੀਸ਼ਾ, ਅੰਜੂ ਬਾਲਾ, ਸ਼ੀਤਲ, ਭੋਲਾ, ਗੁਰਪ੍ਰੀਤ ਕੌਰ, ਹਰਦੀਪ ਕੌਰ, ਜਤਿੰਦਰ ਕੌਰ, ਕੰਚਨ, ਬਰਜਿੰਦਰ ਸਿੰਘ ਅਤੇ ਵਿਨੋਦ ਕੁਮਾਰ ਨੇ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਗੁਰਭੇਜ ਸਿੰਘ, ਬਲਤੇਜ ਸਿੰਘ, ਨਿਰਮਲ ਸਿੰਘ ਅਤੇ ਇਕਬਾਲ ਸਿੰਘ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਸਰਪੰਚ ਚਾਨਣ ਸਿੰਘ ਅਤੇ ਸਰਦਾਰ ਜਸਵਿੰਦਰ ਸਿੰਘ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਨਗਦ ਰਾਸ਼ੀ ਭੇਟ ਕੀਤੀ ਗਈ। ਉਨ੍ਹਾਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਖਿਡਾਰਣਾਂ ਨੂੰ ਭਵਿੱਖ ਵਿੱਚ ਵੀ ਮਿਹਨਤ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।