
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਰੀਨ ਹੱਟ ਮਾਰਕੀਟ ’ਚ ਰਾਤ ਨੂੰ ਫਰੂਟ ਤੇ ਜੂਸ ਬਾਰ ਸੜ ਕੇ ਹੋਇਆ ਖਾਕ

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਦੇ ਬੱਸ ਅੱਡੇ ਨੇੜੇ ਸਥਿਤ ਗਰੀਨ ਹੱਟ ਮਾਰਕੀਟ ਵਿੱਚ ਬੀਤੀ ਦੇਰ ਰਾਤ ਇੱਕ ਫਰੂਟ ਅਤੇ ਜੂਸ ਬਾਰ ਦੇ ਖੋਖੇ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਦੁਕਾਨਦਾਰ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ। ਅੱਗ ਨੇ ਦੁਕਾਨ ਅੰਦਰ ਪਿਆ ਲਗਭਗ ਸਾਰਾ ਸਮਾਨ ਆਪਣੀ ਲਪੇਟ ਵਿੱਚ ਲੈ ਲਿਆ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਦੁਕਾਨ ਤੋਂ ਹੋਣ ਵਾਲੀ ਆਮਦਨ ਹੀ ਦੁਕਾਨਦਾਰ ਅੰਗਰੇਜ਼ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਜ਼ੀਰਾ ਦੇ ਪਰਿਵਾਰ ਦੇ ਗੁਜ਼ਾਰੇ ਦਾ ਇਕਲੌਤਾ ਸਹਾਰਾ ਸੀ। ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਕਰੀਬ 11 ਵਜੇ ਆਪਣਾ ਫਰੂਟ ਅਤੇ ਜੂਸ ਬਾਰ ਵਾਲਾ ਖੋਖਾ ਬੰਦ ਕਰਕੇ ਘਰ ਚਲਾ ਗਿਆ ਸੀ। ਕਰੀਬ 1.40 ਵਜੇ ਉਸ ਨੂੰ ਬੱਸ ਸਟੈਂਡ ਤੇ ਬਣੀ ਪਾਰਕਿੰਗ ਵਾਲੇ ਵਿਅਕਤੀ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਵਿੱਚੋਂ ਧੂੰਆਂ ਉੱਠ ਰਿਹਾ ਹੈ ਅਤੇ ਅੱਗ ਲੱਗੀ ਹੋਈ ਹੈ। ਇਹ ਸੁਣਦਿਆਂ ਹੀ ਉਹ ਤੁਰੰਤ ਮੌਕੇ ’ਤੇ ਪਹੁੰਚਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦੁਕਾਨਦਾਰ ਅਨੁਸਾਰ ਅੱਗ ਕਾਰਨ ਦੁਕਾਨ ਵਿੱਚ ਪਈ ਫਰਿੱਜ, ਤਿੰਨ ਜੂਸਰ-ਮਿਕਸੀਆਂ, ਇੱਕ ਬੈਟਰਾ, ਕਰੀਬ 50 ਹਜ਼ਾਰ ਰੁਪਏ ਮੁੱਲ ਦਾ ਫਰੂਟ, 2 ਕੰਪਿਊਟਰ ਕੰਡੇ ਅਤੇ ਗੱਲੇ ਵਿੱਚ ਪਈ ਕਰੀਬ 3500- 4000 ਹਜ਼ਾਰ ਰੁਪਏ ਦੀ ਨਕਦੀ ਸੜ ਕੇ ਨੁਕਸਾਨੀ ਗਈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ, ਜਦਕਿ ਆਸ-ਪਾਸ ਦੇ ਲੋਕਾਂ ਵੱਲੋਂ ਮੁੱਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੇ ਉਸ ਦੇ ਪਰਿਵਾਰ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ, ਕਿਉਂਕਿ ਇਸ ਖੋਖੇ ਦੀ ਕਮਾਈ ਨਾਲ ਹੀ ਘਰ ਦਾ ਖਰਚਾ ਚੱਲਦਾ ਸੀ। ਉਸ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ।