ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਪ ਦਾ ‘ਇਕ ਅਨਾਰ 15 ਦਾਅਵੇਦਾਰ!’ ਫਿਰੋਜ਼ਪੁਰ ਸ਼ਹਿਰੀ ਹਲਕੇ ਤੋੋਂ ਆਪ ਦਾ ‘ਇਕ ਅਨਾਰ 15 ਦਾਅਵੇਦਾਰ !’
Publish Date: Thu, 26 Nov 2026 07:48 PM (IST)
Updated Date: Fri, 27 Nov 2026 04:08 AM (IST)
ਅੱਧੀ ਦਰਜਨ ਤੋਂ ਵੱਧ ਆਪਣੀ ਟਿਕਟ ਦੱਸ ਰਹੇ ਹਨ ਪੱਕੀ!, ਪਾਰਟੀ ਦੀ ਸਟ੍ਰੈਟਜੀ ਜਾਂ ਵਿਚੌਲੀਏ ਰੱਖ ਰਹੇ ਹਨ ਓਹਲਾ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦਿਆਂ ਹੀ ਕਈ ਹਲਕਿਆਂ ਤੋਂ ਬੜੀਆਂ ਹੀ ਦਿਲਚਸਪ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਜਿਥੇ ਕੱਟੜ ਦੁਸ਼ਮਣ ਇਕ ਦੂਜੇ ਦੀ ਪਾਰਟੀ ਜੁਆਇਨ ਕਰ ਰਹੇ ਹਨ ਤਾਂ ਵਫ਼ਾਦਾਰੀਆਂ ਬਦਲ ਕੇ ਨਵੇਂ ਮੁਰਸ਼ਦ ਬਨਾਉਣ ਦਾ ਸਿਲਸਿਲਾ ਵੀ ਪੂਰਾ ਜੋਰ ਫੜ ਚੁੱਕਾ ਹੈ। ਇਸੇ ਸਭ ਦੇ ਵਿਚਾਲੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਬਹੁਤ ਹੀ ਦਿਲਚਸਪ ਤਸਵੀਰ ਸਾਹਮਣੇ ਆਈ ਹੈ। ਇਥੇ ਆਮ ਆਦਮੀ ਪਾਰਟੀ ਦੀ ਟਿਕਟ ਲਈ ਇਕ ਨਹੀਂ ਦੋ ਨਹੀਂ ਪੂਰੇ 15 ਦਾਅਵੇਦਾਰ ਮੈਦਾਨ ਵਿੱਚ ਹਨ। ਹੈਰਾਨੀਜਨਕ ਪਹਿਲੂ ਇਹ ਹੈ ਕਿ ਇੰਨ੍ਹਾਂ ਵਿੱਚੋਂ ਅੱਧੀ ਦਰਜਨ ਤੋਂ ਵੀ ਵੱਧ ਆਪਣੇ ਆਪ ਨੂੰ ਪਾਰਟੀ ਹਾਈਕਮਾਨ ਦੇ ਨਜਦੀਕੀ ਆਖ ਕੇ ਆਪਣੀ ਟਿਕਟ ਪੱਕੀ ਦਸ ਰਹੇ ਹਨ। ਹੁਣ ਇਹ ਪਾਰਟੀ ਦੀ ਸਟ੍ਰੈਟਜੀ ਹੈ ਜਾਂ ਦਾਅਵੇਦਾਰਾਂ ਦੇ ਵਿਚੌਲਿਆਂ ਵੱਲੋਂ ਰੱਖਿਆ ਜਾ ਰਿਹਾ ਕੋਈ ਓਹਲਾ ਹੈ ,ਜੋ ਹਰ ਕੋਈ ਆਪਣੀ ਟਿਕਟ ਪੱਕੀ ਦੱਸ ਰਿਹਾ ਹੈ। ਪਰ ਇਸ ਸੱਭ ਦੇ ਵਿਚਾਲੇ ਇਹ ਕਿਆਸ ਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ ਕਿ ਕੀ ਇਹ ਸੀਟ ਆਮ ਆਦਮੀ ਪਾਰਟੀ ਲਈ ਬਹੁਤ ਜ਼ਿਆਦਾ ਸੇਫ ਸੀਟ ਹੈ ਜੋ ਹਰ ਕੋਈ ਇਥੋਂ ਚੋਣ ਲੜਣਾ ਚਾਹ ਰਿਹਾ ਹੈ । ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਸ਼ਹਿਰੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਟਿਕਟ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਿਛਲੇ ਕੁਝ ਹਫ਼ਤਿਆਂ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਲੋਕਾਂ ਨਾਲ ਸੰਪਰਕ ਵਧਾਉਣ, ਸਮਾਜਿਕ ਤੇ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਅਤੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਨ ਦਾ ਦੌਰ ਚੱਲ ਰਿਹਾ ਹੈ।ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ,ਉਵੇਂ ਉਵੇਂ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਉਮੀਦਵਾਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਚੋਣਾਂ ਤੋਂ ਕਰੀਬ ਇਕ ਡੇਢ ਸਾਲ ਪਹਿਲੋਂ ਤੱਕ ਜਿਥੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਇਕਲੌਤੇ ਦਾਅਵੇਦਾਰ ਸਨ,ਉਥੇ ਪਾਰਟੀ ਦੇ ਪੁਰਾਣੇ ਆਗੂ ਵੀ ਹੋਲੀ ਹੋਲੀ ਦਾਅਵੇਦਾਰ ਬਣਦੇ ਗਏ।ਇਸ ਤੋਂ ਬਾਅਦ ਹਰ ਮਹੀਨੇ ਦਾਅਵੇਦਾਰਾਂ ਦੀ ਗਿਣਤੀ ਵਧਦੀ ਗਈ । ਇਸ ਦੌਰਾਨ ਮੌਜੂਦਾ ਵਿਧਾਇਕ ਰਣਬੀਰ ਸਿੰਘ ਭੁੱਲਰ ਵੀ ਹਲਕੇ ਵਿੱਚ ਸਰਗਰਮ ਨਜ਼ਰ ਆ ਰਹੇ ਹਨ ਅਤੇ ਵੱਖ-ਵੱਖ ਸਰਕਾਰੀ ਤੇ ਜਨਤਕ ਮੁਹਿੰਮਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਸ ਸਬੰਧੀ ਵਿਧਾਇਕ ਰਣਬੀਰ ਭੁੱਲਰ ਦਾ ਕਹਿਣਾ ਹੈ ਕਿ ਕੋਈ ਗੱਲ ਨਹੀਂ ,ਸਾਰੇ ਦਾਅਵੇਦਾਰ ਪ੍ਰਚਾਰ ਤਾਂ ਪਾਰਟੀ ਦਾ ਹੀ ਕਰ ਰਹੇ ਹਨ। ਪਾਰਟੀ ਦੀ ਸਟ੍ਰੈਟਜੀ ਬਨਾਮ ਅਸ਼ੀਰਵਾਦ! ਫਿਰੋਜ਼ਪੁਰ ਸ਼ਹਿਰੀ ਹਲਕੇ ’ਚ ‘ਆਪ’ ਦੀ ਟਿਕਟ ਲਈ ਦਾਅਵੇਦਾਰਾਂ ਦੀ ਗਿਣਤੀ ਵਧਣ ਦੇ ਨਾਲ ਹੀ ਸ਼ਹਿਰ ਵਿੱਚ ਪੋਸਟਰਾਂ ਅਤੇ ਹੋਰਡਿੰਗਜ਼ ਦੀ ਸਿਆਸਤ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਤੰਬਰ ਮਹੀਨੇ ਵਿੱਚ ਸਾਹਮਣੇ ਆਏ ਦ੍ਰਿਸ਼ਾਂ ਵਿੱਚ ਸ਼ਹਿਰ ਦੀਆਂ ਕੰਧਾਂ, ਪੁਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਵੱਖ-ਵੱਖ ਆਗੂਆਂ ਦੇ ਪੋਸਟਰ ਨਜ਼ਰ ਆਏ ਸਨ। ਆਲਮ ਇਹ ਹੈ ਕਿ ਹਰ ਨਵਾਂ ਦਾਅਵੇਦਾਰ ਪਾਰਟੀ ਹਾਈਕਮਾਨ ਵੱਲੋਂ ਮਿਲੇ ਕਿਸੇ ਅਸ਼ੀਰਵਾਦ ਦੀ ਗੱਲ ਆਖ ਕੇ ਇਲਾਕੇ ਵਿੱਚ ਵੱਧ ਤੋਂ ਵੱਧ ਫਲੈਕਸ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਇਸ ’ਤੇ ਕੁਝ ਲੋਕਾਂ ਵੱਲੋਂ ਇਹ ਸਵਾਲ ਵੀ ਉਠਾਇਆ ਗਿਆ ਕਿ ਚੋਣਾਂ ਤੋਂ ਪਹਿਲਾਂ ਅਚਾਨਕ ਸਰਗਰਮ ਹੋਣ ਵਾਲੇ ਆਗੂ ਪਿਛਲੇ ਸਾਲਾਂ ਦੌਰਾਨ ਕਿੱਥੇ ਸਨ। -------------------------------------------- 1-ਰਣਬੀਰ ਸਿੰਘ ਭੁੱਲਰ, ਮੋਜੂਦਾ ਵਿਧਾਇਕ 2-ਸ਼ਮਿੰਦਰ ਖਿੰਡਾ, ਚੇਅਰਮੈਨ ਪੰਜਾਬ ਐਗਰੋ 3-ਐਡਵੋਕੇਟ ਜਸਦੀਪ ਸਿੰਘ ਕੰਬੋਜ਼ ‘ਗੱਜਣ’ ਪ੍ਰਧਾਨ ਬਾਰ ਐਸੋਸੀਏਸ਼ਨ 4-ਸੁਖਰਾਜ ਸਿੰਘ ਗੋਰਾ, ਆਪ ਆਗੁ 5-ਕੁਲਦੀਪ ਸਿੰਘ ਭੁੱਲਰ ਸਰਪੰਚ, ਯੋਗਾਚਾਰਿਆ 6-ਮੇਜਰ ਹਰਮਿੰਦਰ ਸਿੰਘ ਭੁੱਲਰ, ਸਾਬਕਾ ੳਐਸਡੀ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ 7-ਨਰਿੰਦਰ ਸਿੰਘ ਸੰਧਾ ਸਾਲ 2017 ’ਚ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਉਮੀਦਵਾਰ 8-ਸਤਨਾਮ ਪਾਲ ਕੰਬੋਜ਼ ਸਾਲ 2014 ’ਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ 9-ਦਿਲਜੋਤ ਧਵਨ, ਆਪ ਮਹਿਲਾ ਆਗੂ 10-ਵਿਨੋਦ ਸੋਈ, ਵਪਾਰੀ ਤੇ ਆਪ ਦੇ ਪੁਰਾਣੇ ਮੈਂਬਰ 11-ਡਾ. ਅੰਮ੍ਰਿਤਪਾਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਮੈਡੀਕਲ ਵਿੰਗ ਆਪ 12-ਨਰਿੰਦਰ ਗਰੋਵਰ, ਪਾਰਟੀ ਦਾ ਮੁੱਢਲਾ ਮੈਂਬਰ 13-ਪ੍ਰੇਮਨਾਥ ਸ਼ਰਮਾ, ਪੱਤਰਕਾਰ 14- ਅਸ਼ੋਕ ਗੁਪਤਾ, ਵਪਾਰੀ 15-ਹੋਰ