ਮੰਡਲ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਖੇ ਮੁਫ਼ਤ ਫਾਈਬਰੋਸਕੈਨ ਕੈਂਪ ਲਗਾਇਆ
ਮੰਡਲ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਖੇ ਮੁਫ਼ਤ ਫਾਈਬਰੋਸਕੈਨ ਕੈਂਪ ਲਗਾਇਆ ਗਿਆ
Publish Date: Sun, 29 Mar 2026 03:42 PM (IST)
Updated Date: Sun, 29 Mar 2026 03:44 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਮੰਡਲ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਖੇ ਬੀਤੇ ਦਿਨ ਮੁੱਖ ਚਿਕਿਤਸਾ ਅਧੀਖਿਅਕ ਡਾ. ਰੰਜਨਾ ਸਹਿਗਲ ਦੀ ਯੋਗ ਅਗਵਾਈ ਹੇਠ ਲਿਵਰ (ਜਿਗਰ) ਦੀਆਂ ਬਿਮਾਰੀਆਂ ਦੀ ਜਾਂਚ ਲਈ ਇਕ ਵਿਸ਼ੇਸ਼ ‘ਫਾਈਬਰੋਸਕੈਨ’ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਚ ਆਧੁਨਿਕ ਮਸ਼ੀਨਾਂ ਰਾਹੀਂ ਮਰੀਜ਼ਾਂ ਦੇ ਜਿਗਰ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਕੈਂਪ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਮਰੀਜ਼ਾਂ ਦਾ ਫਾਈਬਰੋਸਕੈਨ ਟੈਸਟ ਬਿਲਕੁਲ ਮੁਫ਼ਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਮ ਤੌਰ ’ਤੇ ਨਿੱਜੀ ਹਸਪਤਾਲਾਂ ਜਾਂ ਬਾਜ਼ਾਰ ਵਿੱਚ ਇਸ ਟੈਸਟ ਦੀ ਕੀਮਤ ਲਗਭਗ 4000 ਰੁਪਏ ਹੁੰਦੀ ਹੈ, ਪਰ ਰੇਲਵੇ ਹਸਪਤਾਲ ਵੱਲੋਂ ਇਹ ਸਹੂਲਤ ਲੋਕਾਂ ਨੂੰ ਬਿਨ੍ਹਾ ਕਿਸੇ ਖਰਚੇ ਦੇ ਮੁਹੱਈਆ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਪਹੁੰਚ ਕੇ ਆਪਣੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਸਲਾਹ ਲਈ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਡਾ. ਤਨੂ ਅਗਰਵਾਲ, ਡਾ. ਕਮਲ ਕੁਮਾਰ ਅਤੇ ਡਾ. ਹਤਿੰਦਰ ਸਹਿਗਲ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਫਾਈਬਰੋਸਕੈਨ ਇੱਕ ਅਤਿ-ਆਧੁਨਿਕ ਤਕਨੀਕ ਹੈ, ਜਿਸ ਰਾਹੀਂ ਜਿਗਰ ਦੀ ਸੋਜਿਸ਼ ਜਾਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਬਿਨਾਂ ਕਿਸੇ ਚੀਰ-ਫਾੜ ਦੇ ਸਹੀ ਪਤਾ ਲਗਾਇਆ ਜਾ ਸਕਦਾ ਹੈ। ਸਮੇਂ ਸਿਰ ਜਾਂਚ ਕਰਵਾਉਣ ਨਾਲ ਜਿਗਰ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦਾ ਮੁੱਖ ਉਦੇਸ਼ ਆਮ ਲੋਕਾਂ ਅਤੇ ਰੇਲਵੇ ਕਰਮਚਾਰੀਆਂ ਨੂੰ ਉੱਨਤ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਸਿਹਤ ਜਾਗਰੂਕਤਾ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਸਮਾਜ ਨੂੰ ਨਿਰੋਗ ਬਣਾਇਆ ਜਾ ਸਕੇ।