22 ਨੂੰ ਲੱਗੇਗਾ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਦਾ ਮੁਫ਼ਤ ਕੈਂਪ ਫ਼ਿਰੋਜ਼ਪੁਰ ’ਚ 22 ਨਵੰਬਰ ਨੂੰ ਲੱਗੇਗਾ ਅੱਖਾਂ ਦੀ ਜਾਂਚ ਤੇ ਅਪਰੇਸ਼ਨ ਦਾ ਮੁਫ਼ਤ ਕੈਂਪ
Publish Date: Fri, 20 Nov 2026 04:18 PM (IST)
Updated Date: Sat, 21 Nov 2026 04:01 AM (IST)
ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦਾ ਮਨੁੱਖਤਾ ਦੀ ਸੇਵਾ ਵੱਲ ਇਕ ਹੋਰ ਸ਼ਲਾਘਾਯੋਗ ਉਪਰਾਲਾ ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਸਮਾਜ ਸੇਵਾ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਨਿਰੰਤਰ ਯੋਗਦਾਨ ਪਾ ਰਹੀ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਸਵਰਗੀ ਮਨਮਿੰਦਰ ਸਿੰਘ, ਸਾਬਕਾ ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਦਾ ਮੁਫ਼ਤ ਕੈਂਪ ਐਤਵਾਰ 22 ਨਵੰਬਰ 2026 ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਉਪ ਪ੍ਰਧਾਨ ਡਾ. ਐੱਸ. ਐੱਨ. ਰੁਦਰਾ ਨੇ ਦੱਸਿਆ ਕਿ ਇਹ ਕੈਂਪ ਮਨੁੱਖਤਾ ਦੀ ਸੇਵਾ ਦੇ ਮੰਤਵ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੈਂਪ ਵਿਵੇਕਾਨੰਦ ਜੂਨੀਅਰ ਸਕੂਲ, ਬਸਤੀ ਟੈਂਕਾਂ ਵਾਲੀ, ਫ਼ਿਰੋਜ਼ਪੁਰ ਵਿਖੇ ਸਵੇਰੇ 9.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਲਾਇਆ ਜਾਵੇਗਾ। ਕੈਂਪ ਦੌਰਾਨ ਲਾਇਨਜ਼ ਆਈ ਹਸਪਤਾਲ ਫ਼ਿਰੋਜ਼ਪੁਰ ਦੇ ਮਾਹਿਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਲੋੜ ਅਨੁਸਾਰ ਮੁਫ਼ਤ ਲੈਂਸ ਅਪਰੇਸ਼ਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਵਿਵੇਕਾਨੰਦ ਵਰਲਡ ਸਕੂਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਕੈਂਪ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣਾ ਅਤੇ ਸਮਾਜ ਵਿੱਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।