ਲੁਧਿਆਣਾ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’
ਲੁਧਿਆਣਾ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’
Publish Date: Tue, 24 Mar 2026 04:11 PM (IST)
Updated Date: Tue, 24 Mar 2026 04:13 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਯਾਤਰੀਆਂ ਨੂੰ ਸੁਰੱਖਿਅਤ ਅਤੇ ਵਿਵਸਥਿਤ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਅਤੇ ਬਿਨ੍ਹਾ ਟਿਕਟ ਯਾਤਰਾ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣ ਦੇ ਉਦੇਸ਼ ਨਾਲ, ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’ ਤਹਿਤ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਮੁਹਿੰਮ ਦੌਰਾਨ 587 ਬਿਨਾਂ ਟਿਕਟ ਯਾਤਰੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਕੋਲੋਂ 2,72,820 ਦਾ ਮਾਲੀਆ ਵਸੂਲਿਆ ਗਿਆ। ਇਸ ਮੁਹਿੰਮ ਵਿਚ ਟਿਕਟ ਚੈਕਿੰਗ ਸਟਾਫ ਦੇ 20 ਮੈਂਬਰਾਂ ਅਤੇ ਆਰ.ਪੀ.ਐੱਫ. ਦੇ ਜਵਾਨਾਂ ਦੀ ਸਾਂਝੀ ਟੀਮ ਨੇ ਸਰਗਰਮ ਭੂਮਿਕਾ ਨਿਭਾਈ। ‘ਫੋਰਟਰੈਸ ਚੈੱਕ’ ਰੇਲਵੇ ਦੀ ਇਕ ਅਜਿਹੀ ਵਿਸ਼ੇਸ਼ ਮੁਹਿੰਮ ਹੈ, ਜਿਸ ਦੇ ਤਹਿਤ ਬਿਨ੍ਹਾ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਸਟੇਸ਼ਨ ਜਾਂ ਰੇਲ ਸੈਕਸ਼ਨ ’ਤੇ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਵਿਚ ਯਾਤਰੀਆਂ ਦੀਆਂ ਟਿਕਟਾਂ, ਪਛਾਣ ਪੱਤਰ ਅਤੇ ਯਾਤਰਾ ਨਾਲ ਸਬੰਧਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਂਦੀ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਸਫ਼ਰ ਕਰਨ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਅਤੇ ਰੇਲਵੇ ਦੇ ਮਾਲੀਏ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਜਿਹੀਆਂ ਮੁਹਿੰਮਾਂ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹਿਣਗੀਆਂ।