ਅਨਿਲ ਬਾਗੀ ਹਸਪਤਾਲ ਦੀ ਮੈਡੀਕਲ ਦੇ ਖੇਤਰ ’ਚ ਵੱਡੀ ਪੁਲਾਂਘ, ਕੁੱਲ੍ਹੇ ਦਾ ਕੀਤਾ ਸਫ਼ਲ ਆਪ੍ਰੇਸ਼ਨ ਫ਼ਿਰੋਜ਼ਪੁਰ ਖੇਤਰ ਵਿਚ ਪਹਿਲੀ ਵਾਰ ਅਨਿਲ ਬਾਗੀ ਹਸਪਤਾਲ ਵਿਖੇ ਆਧੁਨਿਕ ਤਕਨੀਕ ਰਾਹੀਂ ਕੀਤਾ ਗਿਆ ਕੁੱਲ੍ਹੇ ਦਾ ਸਫ਼ਲ ਆਪ੍ਰੇਸ਼ਨ
Publish Date: Wed, 25 Nov 2026 03:48 PM (IST)
Updated Date: Wed, 25 Nov 2026 03:49 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲਗਾਤਾਰ ਨਵੀਆਂ ਉਚਾਈਆਂ ਹਾਸਲ ਕਰ ਰਹੇ ਅਨਿਲ ਬਾਗੀ ਹਸਪਤਾਲ, ਫ਼ਿਰੋਜ਼ਪੁਰ ਨੇ ਮੈਡੀਕਲ ਜਗਤ ਵਿੱਚ ਇਕ ਹੋਰ ਵੱਡੀ ਉਪਲਬਧੀ ਆਪਣੇ ਨਾਂ ਕੀਤੀ ਹੈ। ਹਸਪਤਾਲ ਦੇ ਮਾਹਿਰ ਆਰਥੋਪੀਡਿਕ ਸਰਜਨ ਅਤੇ ਜੋੜ ਬਦਲਣ ਦੇ ਮਾਹਿਰ ਡਾ. ਰਾਹੁਲ ਸਿੰਗਲਾ ਵੱਲੋਂ ਫ਼ਿਰੋਜ਼ਪੁਰ ਖੇਤਰ ’ਚ ਪਹਿਲੀ ਵਾਰ ਆਧੁਨਿਕ ‘ਡਾਇਰੈਕਟ ਐਂਟੀਰੀਅਰ ਅਪ੍ਰੋਚ’ ਤਕਨੀਕ ਰਾਹੀਂ ‘ਟੋਟਲ ਹਿੱਪ ਰਿਪਲੇਸਮੈਂਟ’ ਸਫ਼ਲਤਾਪੂਰਵਕ ਕੀਤੀ ਹੈ। ਇਹ ਪ੍ਰਾਪਤੀ ਫ਼ਿਰੋਜ਼ਪੁਰ ਅਤੇ ਸਰਹੱਦੀ ਇਲਾਕਿਆਂ ਦੇ ਮਰੀਜ਼ਾਂ ਲਈ ਇੱਕ ਨਵੀਂ ਉਮੀਦ ਲੈ ਕੇ ਆਈ ਹੈ। ਡਾ. ਰਾਹੁਲ ਸਿੰਗਲਾ ਨੇ ਦੱਸਿਆ ਕਿ ਇਹ ਸਰਜਰੀ ’ਮਿਨੀਮਲੀ ਇਨਵੇਸਿਵ’ ਅਤੇ ‘ਮਸਲ-ਸਪੇਅਰਿੰਗ ਤਕਨੀਕ’ ’ਤੇ ਆਧਾਰਿਤ ਹੈ। ਇਸ ਵਿਧੀ ਵਿੱਚ ਸਰਜਨ ਕੁੱਲ੍ਹੇ ਦੇ ਅੱਗੇ ਵਾਲੇ ਪਾਸੇ ਤੋਂ ਜੋੜ ਤੱਕ ਪਹੁੰਚ ਕਰਦੇ ਹਨ ਅਤੇ ਮਾਸਪੇਸ਼ੀਆਂ ਨੂੰ ਕੱਟਣ ਦੀ ਬਜਾਏ ਉਨ੍ਹਾਂ ਦੇ ਵਿਚਕਾਰਲੇ ਕੁਦਰਤੀ ਰਸਤੇ ਦੀ ਵਰਤੋਂ ਕਰਦੇ ਹਨ। ਇਸ ਨਾਲ ਮਾਸਪੇਸ਼ੀਆਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਦਾ ਹੈ, ਆਪ੍ਰੇਸ਼ਨ ਤੋਂ ਬਾਅਦ ਦਰਦ ਘੱਟ ਹੁੰਦਾ ਹੈ ਅਤੇ ਮਰੀਜ਼ ਜਲਦੀ ਤੁਰਨ-ਫਿਰਨ ਦੇ ਕਾਬਲ ਹੋ ਕੇ ਰੋਜ਼ਾਨਾ ਦੀਆਂ ਗਤੀਵਿਧੀਆਂ ਵੱਲ ਵਾਪਸ ਪਰਤ ਸਕਦਾ ਹੈ। ਉਨ੍ਹਾਂ ਦਸਿਆ ਕਿ ਗੰਭੀਰ ਗਠੀਆ, ਪੁਰਾਣੀ ਸੱਟ, ਫਰੈਕਚਰ ਜਾਂ ਜੋੜ ਦੀ ਘਿਸਾਈ ਕਾਰਨ ਜਦੋਂ ਕੁੱਲ੍ਹੇ ਦਾ ਜੋੜ ਬੁਰੀ ਤਰ੍ਹਾਂ ਖ਼ਰਾਬ ਹੋ ਜਾਂਦਾ ਹੈ, ਤਾਂ ਮਰੀਜ਼ ਨੂੰ ਤੁਰਨ-ਫਿਰਨ ’ਤੇ ਬੈਠਣ ’ਚ ਭਾਰੀ ਮੁਸ਼ਕਲ ਆਉਂਦੀ ਹੈ। ਅਜਿਹੇ ਹਾਲਾਤਾਂ ’ਚ ਖ਼ਰਾਬ ਜੋੜ ਦੀ ਥਾਂ ਵਿਸ਼ੇਸ਼ ਮੈਡੀਕਲ ਇੰਪਲਾਂਟ ਲਗਾਇਆ ਜਾਂਦਾ ਹੈ। ਡਾ. ਸਿੰਗਲਾ ਨੇ ਸਲਾਹ ਦਿੱਤੀ ਕਿ ਕੁੱਲ੍ਹੇ ਦੇ ਲਗਾਤਾਰ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅਨਿਲ ਬਾਗੀ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਉਪਲਬਧੀ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵਿਸ਼ਵ-ਪੱਧਰੀ ਅਤੇ ਆਧੁਨਿਕ ਇਲਾਜ ਸਹੂਲਤਾਂ ਆਪਣੇ ਸ਼ਹਿਰ ’ਚ ਹੀ ਮੁਹੱਈਆ ਕਰਵਾਉਣਾ ਹੈ।