ਗੁਹਾਟੀ ਲਈ ਪਹਿਲੀ ਵਾਰ ਰੇਲ ਰਾਹੀਂ ਹੌਜ਼ਰੀ ਸਾਮਾਨ ਦੀ ਢੁਆਈ ਲੁਧਿਆਣਾ ਤੋਂ ਗੁਵਾਹਾਟੀ ਲਈ ਪਹਿਲੀ ਵਾਰ ਰੇਲ ਰਾਹੀਂ ਹੋਜ਼ਰੀ ਸਾਮਾਨ ਦੀ ਢੁਆਈ
Publish Date: Thu, 08 Oct 2026 03:51 PM (IST)
Updated Date: Fri, 09 Oct 2026 04:02 AM (IST)
24 ਟਨ ਹੋਜ਼ਰੀ ਸਮੱਗਰੀ ਦੀ ਢੁਆਈ ਤੋਂ ਰੇਲਵੇ ਨੂੰ ਮਿਲਿਆ 1.88 ਲੱਖ ਰੁਪਏ ਦਾ ਮਾਲਭਾੜਾ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋ਼ਜਪੁਰ : ਫਿਰੋਜ਼ਪੁਰ ਮੰਡਲ ਵੱਲੋਂ ਮਾਲ ਢੁਆਈ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਇੱਕ ਹੋਰ ਸਫਲਤਾ ਮਿਲੀ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਪਹਿਲੀ ਵਾਰ ਗੁਵਾਹਾਟੀ ਲਈ ਹੋਜ਼ਰੀ ਸਮੱਗਰੀ ਦੀ ਰੇਲ ਰਾਹੀਂ ਢੁਆਈ ਕੀਤੀ ਗਈ। ਇਸ ਤਹਿਤ 24 ਟਨ ਸਾਮਾਨ ਤੋਂ ਰੇਲਵੇ ਨੂੰ 1.88 ਲੱਖ ਰੁਪਏ ਦਾ ਮਾਲਭਾੜਾ ਪ੍ਰਾਪਤ ਹੋਇਆ। ਫਿਰੋਜ਼ਪੁਰ ਮੰਡਲ ਦੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਮਾਲ ਢੁਆਈ ਨੂੰ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਹੋਜ਼ਰੀ ਸਾਮਾਨ ਦੀ ਰੇਲ ਰਾਹੀਂ ਢੁਆਈ ਲਈ ਨਵਾਂ ਟ੍ਰੈਫਿਕ ਪ੍ਰਾਪਤ ਹੋਇਆ ਹੈ। 8 ਅਕਤੂਬਰ 2026 ਨੂੰ ਰੇਲਗੱਡੀ ਨੰਬਰ 15652 ਲੋਹਿਤ ਐਕਸਪ੍ਰੈੱਸ ਦੀ ਪਾਰਸਲ ਵੈਨ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹੌਜ਼ਰੀ ਸਮੱਗਰੀ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ। ਇਸ ਦੌਰਾਨ ਕੁੱਲ 200 ਪੈਕੇਜ ਲੋਡ ਕੀਤੇ ਗਏ, ਜਿਨ੍ਹਾਂ ਦਾ ਭਾਰ 24 ਟਨ ਸੀ। ਇਸ ਢੁਆਈ ਤੋਂ ਰੇਲਵੇ ਨੂੰ 1.88 ਲੱਖ ਰੁਪਏ ਦਾ ਮਾਲਭਾੜਾ ਮਾਲੀਆ ਪ੍ਰਾਪਤ ਹੋਇਆ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਫਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੁਆਈ ਪ੍ਰਣਾਲੀ ਵਪਾਰੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡਲ ਵੱਲੋਂ ਮਾਲ ਆਵਾਜਾਈ ਵਿੱਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਣ ਪੱਖੋਂ ਅਨੁਕੂਲ ਰੇਲ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਪਹਿਲ ਵਪਾਰਕ ਸਾਮਾਨ ਦੀ ਲੰਬੀ ਦੂਰੀ ਤੱਕ ਤੇਜ਼, ਭਰੋਸੇਯੋਗ ਅਤੇ ਸੁਵਿਧਾਜਨਕ ਢੁਆਈ ਨੂੰ ਹੋਰ ਮਜ਼ਬੂਤ ਕਰੇਗੀ।