- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਤੋਂ ਰਾਏਪੁਰ ਤੱਕ ਪਹਿਲੀ ਵਾਰ ਰੇਲ ਮਾਰਗ ਰਾਹੀਂ ਭੇਜਿਆ ਗਿਆ ਹੌਜ਼ਰੀ ਦਾ ਸਾਮਾਨ

-24 ਟਨ ਹੌਜ਼ਰੀ ਦੀ ਢੋਆ-ਢੁਆਈ ਨਾਲ ਰੇਲਵੇ ਨੂੰ 1.67 ਲੱਖ ਰੁਪਏ ਮਿਲਿਆ ਭਾੜਾ
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ/ਲੁਧਿਆਣਾ : ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਅਤੇ ਵਪਾਰੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ। 19 ਅਕਤੂਬਰ 2026 ਨੂੰ ਲੁਧਿਆਣਾ ਤੋਂ ਛੱਤੀਸਗੜ੍ਹ ਦੇ ਰਾਏਪੁਰ ਤੱਕ ਪਹਿਲੀ ਵਾਰ ਰੇਲਮਾਰਗ ਰਾਹੀਂ ਹੌਜ਼ਰੀ ਸਾਮਾਨ ਦੀ ਢੋਆ-ਢੁਆਈ ਸਫਲਤਾਪੂਰਵਕ ਕੀਤੀ। ਇਸ ਕੰਮ ਰਾਹੀਂ ਰੇਲਵੇ ਨੂੰ 1.67 ਲੱਖ ਦਾ ਮਾਲ ਭਾੜਾ ਪ੍ਰਾਪਤ ਹੋਇਆ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਵਪਾਰਕ ਮਾਲ ਦੀ ਢੋਆ-ਢੁਆਈ ਨੂੰ ਰੇਲਵੇ ਰਾਹੀਂ ਵਧਾਉਣ ਲਈ ਵਿਸ਼ੇਸ਼ ਉਪਰਾਲੇ ਜਾਰੀ ਹਨ•••।
ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਵਪਾਰੀ ਰੇਲਵੇ ਦੀਆਂ ਮਾਲ ਢੋਆ-ਢੁਆਈ ਸੇਵਾਵਾਂ ਵਿਚ ਲਗਾਤਾਰ ਦਿਲਚਸਪੀ ਦਿਖਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ ਨੰਬਰ 18238 ਛੱਤੀਸਗੜ੍ਹ ਐਕਸਪ੍ਰੈੱਸ ਦੇ ਪਾਰਸਲ ਵੈਨ ਵਿਚ ਲੁਧਿਆਣਾ ਤੋਂ ਰਾਏਪੁਰ ਲਈ ਹੌਜ਼ਰੀ ਦੇ ਸਾਮਾਨ ਦੀ ਪਹਿਲੀ ਵਾਰ ਆਊਟਵਰਡ ਲੋਡਿੰਗ ਕੀਤੀ ਗਈ। ਇਸ ਖੇਪ ’ਚ ਹੌਜ਼ਰੀ ਦੀਆਂ ਕੁੱਲ 230 ਪੈਕਟਾਂ ਲੋਡ ਕੀਤੇ, ਜਿਨ੍ਹਾਂ ਦਾ ਕੁੱਲ ਭਾਰ 24 ਟਨ ਸੀ। ਇਸ ਢੋਆ-ਢੁਆਈ ਤੋਂ ਰੇਲਵੇ ਨੂੰ 1.67 ਲੱਖ ਰੁਪਏ ਦਾ ਮਾਲ ਭਾੜਾ ਹਾਸਲ ਹੋਇਆ। ਇਹ ਪਹਿਲ ਵਪਾਰਕ ਸਾਮਾਨ ਨੂੰ ਲੰਮੀ ਦੂਰੀ ਤੱਕ ਪਹੁੰਚਾਉਣ ਲਈ ਰੇਲਵੇ ਦੀ ਵਧ ਰਹੀ ਭੂਮਿਕਾ ਨੂੰ ਦਰਸਾਉਂਦੀ ਹੈ। ਇਸ ਤੋਂ ਪਹਿਲਾਂ 17 ਅਕਤੂਬਰ 2026 ਨੂੰ ਅਮਰਨਾਥ ਐਕਸਪ੍ਰੈੱਸ ਦੇ ਪਾਰਸਲ ਵੈਨ ਰਾਹੀਂ ਲੁਧਿਆਣਾ ਤੋਂ ਗੁਹਾਟੀ ਲਈ ਵੀ ਹੌਜ਼ਰੀ ਸਮੱਗਰੀ ਦੀ ਦੂਜੀ ਵਾਰ ਸਫਲਤਾਪੂਰਵਕ ਲੋਡਿੰਗ ਕੀਤੀ ਗਈ ਸੀ। ਇਸ ਕਾਰਜ ਤੋਂ ਰੇਲਵੇ ਨੂੰ 1.94 ਲੱਖ ਰੁਪਏ ਦਾ ਮਾਲ ਭਾੜਾ ਪ੍ਰਾਪਤ ਹੋਇਆ। ਲੁਧਿਆਣਾ ਤੋਂ ਵੱਖ-ਵੱਖ ਸ਼ਹਿਰਾਂ ਤੱਕ ਹੌਜ਼ਰੀ ਸਮੱਗਰੀ ਦੀ ਰੇਲ ਰਾਹੀਂ ਢੋਆ-ਢੁਆਈ ਨਾਲ ਵਪਾਰੀਆਂ ਨੂੰ ਆਪਣਾ ਸਾਮਾਨ ਦੂਰ-ਦੁਰਾਡੇ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਦਾ ਇੱਕ ਹੋਰ ਸੁਵਿਧਾਜਨਕ ਵਿਕਲਪ ਮਿਲ ਰਿਹਾ ਹੈ। ਸੀਨੀਅਰ ਮੰਡਲ ਵਣਜ ਪ੍ਰਬੰਧਕ/ਫ੍ਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਤੇ ਸਮੇਂ ਸਿਰ ਮਾਲ ਪਹੁੰਚਾਉਣ ਵਾਲੀ ਪ੍ਰਣਾਲੀ ਵਪਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਮੰਡਲ ਵੱਲੋਂ ਮਾਲ ਆਵਾਜਾਈ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਪੱਖੋਂ ਅਨੁਕੂਲ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਜਾਰੀ ਹਨ। ਰੇਲਵੇ ਅਧਿਕਾਰੀਆਂ ਅਨੁਸਾਰ, ਅਜਿਹੀਆਂ ਪਹਿਲਕਦਮੀਆਂ ਨਾਲ ਰੇਲਵੇ ਦੇ ਮਾਲ ਭਾੜੇ ਵਿੱਚ ਵਾਧਾ ਹੋਣ ਦੇ ਨਾਲ-ਨਾਲ ਵਪਾਰੀਆਂ ਨੂੰ ਆਪਣੇ ਉਤਪਾਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਆਵਾਜਾਈ ਸਹੂਲਤਾਂ ਮਿਲਣ ਦੀ ਆਸ ਹੈ।