
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੂਡ ਸੇਫਟੀ ਟੀਮ ਵੱਲੋਂ ਕੋਲਡ ਸਟੋਰਾਂ ਦੀ ਅਚਨਚੇਤ ਚੈਕਿੰਗ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਅੱਜ ਫੂਡ ਸੇਫਟੀ ਵਿੰਗ ਫਿਰੋਜ਼ਪੁਰ ਦੀ ਵਿਸ਼ੇਸ਼ ਟੀਮ ਵੱਲੋਂ ਸ਼ਹਿਰ ਵਿਚ ਸਥਿਤ ਕੋਲਡ ਸਟੋਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਚੈਕਿੰਗ ਅਭਿਆਨ ਦੌਰਾਨ ਅਧਿਕਾਰੀਆਂ ਨੇ ਉਚੇਚੇ ਤੌਰ ’ਤੇ ਇਹ ਜਾਂਚਿਆ ਕਿ ਕਿਸੇ ਵੀ ਕੋਲਡ ਸਟੋਰ ਵਿਚ ਹਲਵਾਈਆਂ ਜਾਂ ਹੋਰ ਵਪਾਰੀਆਂ ਵੱਲੋਂ ਕੋਈ ਸ਼ੱਕੀ, ਪੁਰਾਣਾ, ਖਰਾਬ ਜਾਂ ਮਿਲਾਵਟੀ ਖੋਆ ਅਤੇ ਮਿਠਾਈਆਂ ਸਟੋਰ ਕਰਕੇ ਤਾਂ ਨਹੀਂ ਰੱਖੀਆਂ ਗਈਆਂ। ਤਿਉਹਾਰਾਂ ਅਤੇ ਆਮ ਦਿਨਾਂ ਵਿਚ ਅਕਸਰ ਅਜਿਹੇ ਮਿਲਾਵਟੀ ਸਮਾਨ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਦੀ ਸ਼ਿਕਾਇਤ ਮਿਲਦੀ ਹੈ, ਜਿਸ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।ਚੈਕਿੰਗ ਦੌਰਾਨ ਟੀਮ ਵੱਲੋਂ ਕੋਲਡ ਸਟੋਰਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਫੂਡ ਸੇਫਟੀ ਟੀਮ ਅਤੇ ਇੰਸਪੈਕਟਰ ਅਭਿਨਵ ਖੋਸਲਾ ਨੇ ਪ੍ਰਬੰਧਕਾਂ ਨੂੰ ਸਪੱਸ਼ਟ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪਣੇ ਸਟੋਰਾਂ ਵਿੱਚ ਕਿਸੇ ਵੀ ਕਿਸਮ ਦੇ ਸ਼ੱਕੀ ਜਾਂ ਗੈਰ-ਮਿਆਰੀ ਖੋਏ ਅਤੇ ਮਿਠਾਈ ਨੂੰ ਜਗ੍ਹਾ ਨਾ ਦੇਣ। ਇਸ ਤੋਂ ਇਲਾਵਾ, ਕਿਸੇ ਹੋਰ ਬਾਹਰੀ ਵਿਅਕਤੀ ਨੂੰ ਵੀ ਅਜਿਹਾ ਗੈਰ-ਮਿਆਰੀ ਮਾਲ ਸਟੋਰ ਕਰਨ ਦੀ ਇਜਾਜ਼ਤ ਬਿਲਕੁਲ ਨਾ ਦਿੱਤੀ ਜਾਵੇ। ਕੋਲਡ ਸਟੋਰਾਂ ਦੇ ਪ੍ਰਬੰਧਕਾਂ ਨੇ ਵੀ ਵਿਭਾਗ ਦੇ ਇਸ ਉਪਰਾਲੇ ਦਾ ਸਮਰਥਨ ਕੀਤਾ ਅਤੇ ਫੂਡ ਸੇਫਟੀ ਟੀਮ ਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਮਿਲਾਵਟਖੋਰੀ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਵਾਅਦਾ ਕੀਤਾ ਕਿ ਆਪਣੇ ਸਟੋਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟੀ ਜਾਂ ਸ਼ੱਕੀ ਸਮੱਗਰੀ ਨਹੀਂ ਰੱਖਣ ਦਿੱਤੀ ਜਾਵੇਗੀ। ਫੂਡ ਸੇਫਟੀ ਵਿਭਾਗ ਨੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਣ-ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਬਣਾਏ ਰੱਖਣ ਵਿਚ ਪ੍ਰਸ਼ਾਸਨ ਦਾ ਸਾਥ ਦੇਣ। ਜੇਕਰ ਕਿਸੇ ਨੂੰ ਵੀ ਕਿਸੇ ਸ਼ੱਕੀ ਜਾਂ ਗੈਰ-ਮਿਆਰੀ ਖਾਦ ਪਦਾਰਥ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰੇ। ਅੱਜ ਦੀ ਚੈਕਿੰਗ ਦੌਰਾਨ ਕਿਸੇ ਵੀ ਕੋਲਡ ਸਟੋਰ ਵਿੱਚੋਂ ਕੋਈ ਸ਼ੱਕੀ ਖੋਆ ਜਾਂ ਮਿਠਾਈ ਬਰਾਮਦ ਨਹੀਂ ਹੋਈ। ਵਿਭਾਗ ਨੇ ਕਿਹਾ ਹੈ ਕਿ ਅਜਿਹੀਆਂ ਅਚਨਚੇਤ ਚੈਕਿੰਗਾਂ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹਿਣਗੀਆਂ।