ਮਿਲਾਵਟਖੋਰੀ ਨੂੰ ਨੱਥ ਪਾਉਣ ਵਾਲੇ ਫੂਡ ਸੇਫਟੀ ਅਧਿਕਾਰੀ ਸਨਮਾਨਿਤ ਮਿਲਾਵਟਖੋਰੀ ਨੂੰ ਨੱਥ ਪਾਉਣ ਵਾਲੇ ਫੂਡ ਸੇਫਟੀ ਅਧਿਕਾਰੀ ਸਨਮਾਨਿਤ
Publish Date: Fri, 18 Sep 2026 05:39 PM (IST)
Updated Date: Fri, 18 Sep 2026 05:41 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜ਼ੀਰਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ’ਤੇ ਜੁੜੇ ਮਿਲਾਵਟਖੋਰੀ ਦੇ ਗੰਭੀਰ ਮਸਲੇ ’ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ।ਜਥੇਬੰਦੀ ਨੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਇਸਨੂੰ ਲੋਕ ਹਿੱਤ ਨਾਲ ਜੁੜਿਆ ਅਹਿਮ ਕਦਮ ਕਰਾਰ ਦਿੱਤਾ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ੀਰਾ ਦੀ ਟੀਮ ਨੇ ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ ਨਾਲ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਵਾਉਂਦਿਆਂ ਮਿਲਾਵਟਖੋਰੀ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਸੀ। ਇਸ ਕਾਰਵਾਈ ਨੂੰ ਅੱਗੇ ਵੀ ਲਗਾਤਾਰ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ ਨੂੰ ਜਥੇਬੰਦੀ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜੀਵੇ ਪੰਜਾਬ ਦੇ ਕੰਟਰੋਲਰ ਗੁਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਅਭਿਨਵ ਖੋਸਲਾ ਨੇ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਵਿਭਾਗ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਜਾਰੀ ਰਹੇਗੀ ਅਤੇ ਲੋਕਾਂ ਨੂੰ ਵੀ ਮਿਲਾਵਟਖੋਰੀ ਵਿਰੁੱਧ ਜਾਗਰੂਕ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ, ਮਨਦੀਪ ਸਿੰਘ ਅਲੀਪੁਰ ਅਤੇ ਪ੍ਰੀਤਮ ਸਿੰਘ ਮੀਹਾ ਸਿੰਘ ਵਾਲਾ ਨੇ ਕਿਹਾ ਕਿ ਮਿਲਾਵਟਖੋਰੀ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਤੋਂ ਅਜਿਹੇ ਮਾਮਲਿਆਂ ਵਿੱਚ ਲਗਾਤਾਰ ਸਖ਼ਤ ਅਤੇ ਨਿਰਪੱਖ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਗਰਜੈਕਟਿਵ ਮੈਂਬਰ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ, ਮਨਦੀਪ ਸਿੰਘ ਅਲੀਪੁਰ, ਪ੍ਰੀਤਮ ਸਿੰਘ ਮੀਹਾ ਸਿੰਘ, ਹਰਪ੍ਰੀਤ ਸਿੰਘ ਲੋਂਗੋਦੇਵਾ, ਗੁਰਪ੍ਰੀਤ ਸਿੰਘ ਵਲਟੋਹਾ, ਗੁਲਜਾਰ ਸਿੰਘ ਢਿੱਲੋ, ਤਰਸੇਮ ਲਾਲ ਰੂਪ, ਮੋਹਨ ਸਿੰਘ ਫੇਰੋਕੇ ਅਤੇ ਪਾਲ ਸਿੰਘ ਸਨ੍ਹੇਰ ਸਮੇਤ ਹੋਰ ਆਗੂ ਹਾਜ਼ਰ ਸਨ।