- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਡ ਸੇਫਟੀ ਵਿਭਾਗ ਵੱਲੋਂ ਡਰਾਈ ਫਰੂਟਸ ਵਿਕਰੇਤਾਵਾਂ, ਹੋਲਸੇਲਰਾਂ ਅਤੇ ਰਿਟੇਲਰਾਂ ਨੂੰ ਸਖ਼ਤ ਹਦਾਇਤਾਂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫੂਡ ਸੇਫਟੀ ਵਿਭਾਗ ਦੇ ਅਫਸਰ ਅਭਿਨਵ ਖੋਸਲਾ ਵੱਲੋਂ ਆਮ ਜਨਤਾ ਦੀ ਸਿਹਤ ਅਤੇ ਖੁਰਾਕੀ ਪਦਾਰਥਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਡਰਾਈ ਫਰੂਟ ਵਿਕਰੇਤਾਵਾਂ, ਹੋਲਸੇਲਰਾਂ ਅਤੇ ਰਿਟੇਲਰਾਂ ਨੂੰ ਵਿਸ਼ੇਸ਼ ਅਪੀਲ ਅਤੇ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਸਪੱਸ਼ਟ ਹਦਾਇਤ ਕੀਤੀ ਜਾਂਦੀ ਹੈ ਕਿ ਜੀਰਾ, ਮੱਖੂ, ਮੱਲਾਂਵਾਲਾ, ਤਲਵੰਡੀ ਭਾਈ, ਗੁਰੂਹਰਸਹਾਏ ਅਤੇ ਜ਼ਿਲ੍ਹੇ ਦੇ ਹੋਰ ਸਮੂਹ ਸ਼ਹਿਰਾਂ ਅਤੇ ਕਸਬਿਆਂ ਵਿੱਚ ਡਰਾਈ ਫਰੂਟਸ ਦਾ ਕਾਰੋਬਾਰ ਕਰਨ ਵਾਲੇ ਸਾਰੇ ਹੋਲਸੇਲਰ ਅਤੇ ਰਿਟੇਲਰ ਆਪਣੇ ਸਟਾਕ ਦੀ ਤੁਰੰਤ ਜਾਂਚ ਕਰਨ ਅਤੇ ਉਤਪਾਦਾਂ ਨੂੰ ਵਿਕਰੀ ਤੋਂ ਹਟਾਉਣ। ਉਨ੍ਹਾਂ ਆਖਿਆ ਕਿ ਜਿਵੇਂ ਕਿ ਪੱਥਰਾਂ ਜਾਂ ਕਾਜੂ-ਬਦਾਮ ਵਰਗੇ ਦਿਖਣ ਵਾਲੀਆਂ ਰੰਗਦਾਰ ਚਾਕਲੇਟਾਂ, ਵੱਖ-ਵੱਖ ਰੰਗਾਂ ਵਾਲੀ ਕਲਰ ਜੈਲੀ, ਡੀਹਾਈਡਰੇਟਡ ਮਿਕਸ ਫਰੂਟ ਦੇ ਨਾਮ ’ਤੇ ਵਿਕਣ ਵਾਲੇ ਉਹ ਉਤਪਾਦ, ਜਿਨ੍ਹਾਂ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਲੋੜੀਂਦੀ ਪੁਸ਼ਟੀ ਨਹੀਂ ਹੈ। ਵਿਭਾਗ ਵੱਲੋਂ ਖਾਸ ਤੌਰ ’ਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਜਿਹੇ ਉਤਪਾਦਾਂ ਨੂੰ ਅਸਲੀ ਡਰਾਈ ਫਰੂਟਸ ਦੇ ਨਾਲ ਮਿਲਾ ਕੇ ਜਾਂ ਉਨ੍ਹਾਂ ਦੇ ਨਾਮ ’ਤੇ ਗਾਹਕਾਂ ਨੂੰ ਨਾ ਵੇਚਿਆ ਜਾਵੇ। ਜਦੋਂ ਤੱਕ ਇਨ੍ਹਾਂ ਉਤਪਾਦਾਂ ਵਿੱਚ ਵਰਤੇ ਗਏ ਰੰਗਾਂ, ਸਮੱਗਰੀ ਅਤੇ ਫੂਡ ਸੇਫਟੀ ਮਾਪਦੰਡਾਂ ਅਨੁਸਾਰ ਉਨ੍ਹਾਂ ਦੀ ਸੁਰੱਖਿਆ ਦੀ ਪੁਸ਼ਟੀ ਨਹੀਂ ਹੋ ਜਾਂਦੀ, ਉਦੋਂ ਤੱਕ ਇਨ੍ਹਾਂ ਦੀ ਵਿਕਰੀ ਅਤੇ ਪ੍ਰਚਾਰ ਤੋਂ ਗੁਰੇਜ਼ ਕੀਤਾ ਜਾਵੇ। ਫੂਡ ਸੇਫਟੀ ਵਿਭਾਗ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਗੋਦਾਮਾਂ, ਦੁਕਾਨਾਂ ਅਤੇ ਵਿਕਰੀ ਕੇਂਦਰਾਂ ਵਿੱਚ ਪਏ ਅਜਿਹੇ ਉਤਪਾਦਾਂ ਨੂੰ ਤੁਰੰਤ ਹਟਾਉਣ ਅਤੇ ਖਪਤਕਾਰਾਂ ਨੂੰ ਗੁੰਮਰਾਹ ਨਾ ਕਰਨ। ਵਿਭਾਗ ਵੱਲੋਂ ਸਪੱਸ਼ਟ ਕੀਤਾ ਜਾਂਦਾ ਹੈ ਕਿ ਖਪਤਕਾਰਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਜਾਂਚ ਦੌਰਾਨ ਕਿਸੇ ਦੁਕਾਨ ਜਾਂ ਗੋਦਾਮ ਵਿੱਚ ਅਜਿਹੇ ਉਤਪਾਦਾਂ ਦੀ ਗੈਰ-ਨਿਯਮਤ ਵਿਕਰੀ ਪਾਈ ਜਾਂਦੀ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਲਾਗੂ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਦੀ ਸਮੂਹ ਵਪਾਰੀਆਂ ਨੂੰ ਅਪੀਲ ਹੈ ਕਿ ਉਹ ਇਸ ਹਦਾਇਤ ਨੂੰ ਗੰਭੀਰਤਾ ਨਾਲ ਲੈਣ ਅਤੇ ਲੋਕਾਂ ਨੂੰ ਸੁਰੱਖਿਅਤ, ਮਿਆਰੀ ਅਤੇ ਗੁਣਵੱਤਾ ਵਾਲੇ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਵਿਚ ਵਿਭਾਗ ਦਾ ਸਹਿਯੋਗ ਕਰਨ।