ਫੂਡ ਸੇਫਟੀ ਵਿਭਾਗ ਵੱਲੋਂ ਭਸੀਨ ਪੈਲਸ ਕਿਚਨ ਦੀ ਅਚਨਚੇਤ ਚੈਕਿੰਗ ਫੂਡ ਸੇਫਟੀ ਵਿਭਾਗ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਭਸੀਨ ਪੈਲਸ ਕਿਚਨ ਦੀ ਅਚਨਚੇਤ ਚੈਕਿੰਗ
Publish Date: Tue, 10 Nov 2026 06:59 PM (IST)
Updated Date: Tue, 10 Nov 2026 07:00 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਫੂਡ ਸੇਫਟੀ ਵਿਭਾਗ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਅੱਜ ਭਸੀਨ ਬੈਲਸ ਕਿਚਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਫੂਡ ਸੇਫਟੀ ਵਿਭਾਗ ਦੇ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਰਸੋਈ ਵਿਚ ਸਫ਼ਾਈ ਅਤੇ ਸੈਨੇਟਰੀ ਪ੍ਰਬੰਧਾਂ ਸਬੰਧੀ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ। ਜਾਂਚ ਦੌਰਾਨ ਰਸੋਈ ਵਿੱਚ ਕਾਫ਼ੀ ਮਾਤਰਾ ਵਿਚ ਗੰਦਗੀ ਪਾਈ ਗਈ। ਇਸ ਤੋਂ ਇਲਾਵਾ ਵੈਜੀਟੇਰੀਅਨ ਅਤੇ ਨਾਨ-ਵੈਜੀਟੇਰੀਅਨ ਖਾਣ-ਪੀਣ ਵਾਲੀਆਂ ਵਸਤਾਂ ਨੂੰ ਇਕੱਠੇ ਰੱਖਿਆ ਹੋਇਆ ਸੀ, ਜੋ ਕਿ ਫੂਡ ਸੇਫਟੀ ਦੇ ਨਿਯਮਾਂ ਅਤੇ ਸਹੀ ਫੂਡ ਹੈਂਡਲਿੰਗ ਪ੍ਰਕਿਰਿਆ ਦੇ ਉਲਟ ਹੈ। ਚੈਕਿੰਗ ਦੌਰਾਨ ਇਕ ਹੋਰ ਗੰਭੀਰ ਲਾਪਰਵਾਹੀ ਸਾਹਮਣੇ ਆਈ ਕਿ ਜਿਸ ਜਗ੍ਹਾ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਅਤੇ ਖਾਣ-ਪੀਣ ਦੀਆਂ ਵਸਤਾਂ ਰੱਖੀਆਂ ਹੋਈਆਂ ਸਨ, ਉਸੇ ਜਗ੍ਹਾ ਸ਼ਰਾਬ ਦੇ ਪੈੱਗ ਵੀ ਰੱਖੇ ਹੋਏ ਪਾਏ ਗਏ। ਇਸ ਤੋਂ ਇਲਾਵਾ ਖਾਣੇ ਵਿੱਚ ਵਰਤੇ ਜਾਣ ਵਾਲੇ ਰੰਗਾਂ ਦੀ ਵੀ ਜਾਂਚ ਕੀਤੀ ਗਈ। ਚੀਜ਼ ਚਿੱਲੀ ਵਿੱਚ ਰੰਗ ਦੀ ਵਰਤੋਂ ਕੀਤੀ ਜਾ ਰਹੀ ਸੀ ਅਤੇ ਹਰੀਆਂ ਸਬਜ਼ੀਆਂ ਨੂੰ ਵਧੇਰੇ ਆਕਰਸ਼ਕ ਦਿਖਾਉਣ ਲਈ ਹਰੇ ਰੰਗ ਦੀ ਮੌਜੂਦਗੀ ਵੀ ਪਾਈ ਗਈ। ਇਸੇ ਤਰ੍ਹਾਂ ਸਬਜ਼ੀਆਂ ਨੂੰ ਆਕਰਸ਼ਕ ਦਿਖਾਉਣ ਲਈ ਲਾਲ ਰੰਗ ਵੀ ਮੌਕੇ ’ਤੇ ਮੌਜੂਦ ਪਾਇਆ ਗਿਆ। ਅਭਿਨਵ ਖੋਸਲਾ ਨੇ ਦੱਸਿਆ ਕਿ ਇਸ ਦੌਰਾਨ ਸ਼ਿਕਾਇਤ ਵਿਚ ਦਰਜ ਚੀਜ਼ ਚਿੱਲੀ ਸਬੰਧੀ ਫੂਡ ਸੇਫਟੀ ਵਿਭਾਗ ਵੱਲੋਂ ਮੌਕੇ ’ਤੇ ਚੀਜ਼ ਚਿੱਲੀ ਦਾ ਸੈਂਪਲ ਵੀ ਭਰਿਆ ਗਿਆ, ਜਿਸ ਨੂੰ ਜਾਂਚ ਲਈ ਫੂਡ ਲੈਬਾਰਟਰੀ ਵਿਖੇ ਭੇਜਿਆ ਜਾਵੇਗਾ, ਤਾਂ ਜੋ ਇਸ ਦੀ ਗੁਣਵੱਤਾ ਅਤੇ ਸੁਰੱਖਿਆ ਸਬੰਧੀ ਤੱਥਾਂ ਦੀ ਪੁਸ਼ਟੀ ਕੀਤੀ ਜਾ ਸਕੇ। ਫੂਡ ਸੇਫਟੀ ਵਿਭਾਗ ਵੱਲੋਂ ਮੌਕੇ ’ਤੇ ਪਾਈਆਂ ਗਈਆਂ ਖਾਮੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਤੇ ਫੂਟ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ 2011 ਦੇ ਤਹਿਤ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਸਫ਼ਾਈ ਤੇ ਸੈਨੇਟਰੀ ਹਾਲਤਾਂ ਵਿੱਚ ਕਮੀਆਂ ਸਬੰਧੀ ਚਲਾਨ ਜਾਰੀ ਕੀਤਾ ਗਿਆ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਅਤੇ ਪਰੋਸਣ ਵਾਲੇ ਸਾਰੇ ਰੈਸਟੋਰੈਂਟਾਂ, ਹੋਟਲਾਂ ਅਤੇ ਕਿਚਨਾਂ ਲਈ ਸਫ਼ਾਈ, ਸੁਰੱਖਿਅਤ ਫੂਡ ਹੈਂਡਲਿੰਗ, ਵੈਜ ਅਤੇ ਨਾਨ-ਵੈਜ ਖਾਣੇ ਦੀ ਵੱਖਰੀ ਸਟੋਰੇਜ ਅਤੇ ਕੇਵਲ ਮਨਜ਼ੂਰਸ਼ੁਦਾ ਫੂਡ ਕਲਰਾਂ ਦੀ ਨਿਯਮਾਂ ਅਨੁਸਾਰ ਵਰਤੋਂ ਯਕੀਨੀ ਬਣਾਉਣਾ ਲਾਜ਼ਮੀ ਹੈ। ਫੂਡ ਸੇਫਟੀ ਵਿਭਾਗ ਵੱਲੋਂ ਸਮੂਹ ਰੈਸਟੋਰੈਂਟ ਅਤੇ ਕਿਚਨ ਸੰਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਹੱਤਵਪੂਰਨ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ। ਵਿਭਾਗ ਵੱਲੋਂ ਅਜਿਹੀਆਂ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।