ਫੂਡ ਸੇਫਟੀ ਵਿਭਾਗ ਨੇ ਗੱਚਕ ਫੈਕਟਰੀ ’ਚ ਕੀਤੀ ਛਾਪੇਮਾਰੀ ਫੂਡ ਸੇਫਟੀ ਵਿਭਾਗ ਦੀ ਗੱਚਕ ਫੈਕਟਰੀ ’ਚ ਛਾਪੇਮਾਰੀ
Publish Date: Wed, 18 Nov 2026 07:50 PM (IST)
Updated Date: Wed, 18 Nov 2026 07:51 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ ; ਠੰਡ ਵਿੱਚ ਮੁੰਗਫਲੀ ਦੇ ਨਾਲ ਸਭ ਤੋਂ ਵੱਧ ਖਾਧੀ ਜਾਣ ਵਾਲੀ ਗੱਚਕ ਦੀ ਇਕ ਫੈਕਟਰੀ ’ਤੇ ਕਾਰਵਾਈ ਕਰਦਿਆਂ ਫੂਡ ਸੇਫਟੀ ਵਿਭਾਗ ਵੱਲੋਂ ਵੱਡੀ ਮਾਤਰਾ ਵਿੱਚ ਗੱਚਕ, ਗੁੜ, ਰਿਫਾਇੰਡ ਤੇਲ ਅਤੇ ਬੂੰਦੀ ਵਿੱਚ ਵਰਤਿਆ ਜਾਣ ਵਾਲਾ ਰੰਗ ਬਰਾਮਦ ਕੀਤਾ ਗਿਆ।ਇਸ ਤੋਂ ਇਲਾਵਾ ਫੂਡ ਫੈਕਟਰੀ ਵਿੱਚ ਸਫਾਈ ਵਰਗੀਆਂ ਕਈ ਬੇਨਿਯਮੀਆਂ ਪਾਈਆਂ। ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਦੇ ਕਸਬਾ ਮਖੂ ਵਿਖੇ ਕੀਤੀ ਗਈ ਕਾਰਵਾਈ ਦੌਰਾਨ ਵਿਭਾਗ ਦੀ ਟੀਮ ਨੇ 230 ਕਿਲੋ ਗੱਚਕ, 440 ਕਿਲੋ ਗੁੜ, 20 ਕਿਲੋ ਬੂੰਦੀ ਦਾ ਰੰਗ ਅਤੇ 450 ਲੀਟਰ ਰਿਫਾਇੰਡ ਤੇਲ ਬਰਾਮਦ ਕੀਤਾ ਗਿਆ। ਇਸ ਕਾਰਵਾਈ ਵਿੱਚ 60 ਕਿਲੋ ਅਤੇ 170 ਕਿਲੋ ਗੱਚਕ ਦੇ ਦੋ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਅਤੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਬੁੱਧਵਾਰ ਨੂੰ ਮਖੂ ਵਿਖੇ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਸਤਾਂ ਦੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਖਾਣ-ਪੀਣ ਲਈ ਨਿਰਧਾਰਤ ਮਾਪਦੰਡਾਂ ਤੇ ਖਰੇ ਉਤਰਦੇ ਹਨ ਜਾਂ ਨਹੀਂ। ਵਿਭਾਗ ਵੱਲੋਂ ਜਾਰੀ ਵੀਡੀੳਜ਼ ਵਿੱਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ। ਇਥੇ ਫੈਕਟਰੀ ਦਾ ਫਰਸ਼ ਭਾਵੇਂ ਵੂਡਨ ਫਲੋਰਿੰਗ ਵਰਗਾ ਲੱਗਦਾ ਸੀ ਪਰ ਜਿਸ ਫਲੋਰ ’ਤੇ ਗੱਚਕ ਬਣ ਰਹੀ ਸੀ , ਗੱਚਕ ਬਨਾਉਣ ਵਾਲਾ ਕਾਰੀਗਰ ਬੂਟਾਂ ਸਮੇਤ ਫਰਸ਼ ’ਤੇ ਚੱਲ ਰਿਹਾ ਸੀ । ਜ਼ਿਕਰਯੋਗ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਅਤੇ ਹੋਰ ਖਾਧ ਪਦਾਰਥਾਂ ਦੀ ਮੰਗ ਵਧਣ ਕਾਰਨ ਫੂਡ ਸੇਫਟੀ ਵਿਭਾਗ ਵੱਲੋਂ ਅਜਿਹੀਆਂ ਜਾਂਚ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ।