ਫੂਡ ਸੇਫਟੀ ਵਿਭਾਗ ਵੱਲੋਂ ਮਠਿਆਈਆਂ ਦੀ ਦੁਕਾਨ ਦੀ ਚੈਕਿੰਗ ਫੂਡ ਸੇਫਟੀ ਵਿਭਾਗ ਵੱਲੋਂ ਫਿਰੋਜ਼ਪੁਰ ਕੈਂਟ ਵਿਖੇ ਮਿਠਾਈਆਂ ਦੀ ਦੁਕਾਨ ਦੀ ਚੈਕਿੰਗ
Publish Date: Thu, 26 Nov 2026 06:17 PM (IST)
Updated Date: Fri, 27 Nov 2026 04:08 AM (IST)
-ਸਿਲਵਰ ਲੀਫ਼ ਦੇ ਨਾਮ ’ਤੇ ਵਰਤੇ ਜਾ ਰਹੇ ਸ਼ੱਕੀ ਪਦਾਰਥਾਂ ਦੇ ਲਏ ਸੈਂਪਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅੱਜ ਫਿਰੋਜ਼ਪੁਰ ਕੈਂਟ ਵਿਖੇ ਅਮਰ ਟਾਕੀਜ਼ ਦੇ ਸਾਹਮਣੇ ਸਥਿਤ ਰਾਜੇ ਕ੍ਰਿਸ਼ਨਾ ਬੀਕਾਨੇਰੀ ਦੀ ਦੁਕਾਨ ਦੀ ਵਿਸਥਾਰਪੂਰਵਕ ਚੈਕਿੰਗ ਕੀਤੀ ਗਈ। ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਵਿਭਾਗੀ ਟੀਮ ਦੇ ਧਿਆਨ ਵਿੱਚ ਆਇਆ ਕਿ ਮਿਠਾਈਆਂ ਉੱਤੇ ਸਜਾਵਟ ਲਈ ਵਰਤੀ ਜਾ ਰਹੀ ਸਿਲਵਰ ਲੀਫ਼ (ਚਾਂਦੀ ਦੀ ਵਰਕ) ਸਬੰਧੀ ਸ਼ੱਕ ਪੈਦਾ ਹੋਣ ਵਾਲੀ ਸਮੱਗਰੀ ਵਰਤੀ ਜਾ ਰਹੀ ਸੀ। ਮਿਠਾਈਆਂ ਉੱਤੇ ਚਾਂਦੀ ਦੀ ਵਰਕ ਦੇ ਨਾਮ ’ਤੇ ਲੈੱਡ ਅਤੇ ਐਲੂਮੀਨੀਅਮ ਵਰਗੀਆਂ ਧਾਤਾਂ ਨਾਲ ਬਣੀ ਵਰਕ ਵਰਤੇ ਜਾਣ ਦੇ ਸ਼ੱਕ ਦੇ ਮੱਦੇਨਜ਼ਰ ਵਿਭਾਗ ਵੱਲੋਂ ਮੌਕੇ ’ਤੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ ਦੁਕਾਨ ਵਿੱਚ ਸਿਲਵਰ ਲੀਫ਼ ਲੱਗੀਆਂ ਹੋਈਆਂ ਅਤੇ ਡਿਸਪਲੇ ਲਈ ਰੱਖੀਆਂ ਮਿਠਾਈਆਂ ਦੀ ਵੀ ਜਾਂਚ ਕੀਤੀ ਗਈ। ਉਨ੍ਹਾਂ ਮਿਠਾਈਆਂ ਵਿੱਚ ਵਰਤੀ ਗਈ ਵਰਕ ਦੀ ਅਸਲ ਸਮੱਗਰੀ ਦੀ ਪੁਸ਼ਟੀ ਕਰਨ ਲਈ ਵੀ ਸੈਂਪਲ ਲਏ ਗਏ ਹਨ, ਤਾਂ ਜੋ ਲੈਬਾਰਟਰੀ ਜਾਂਚ ਰਾਹੀਂ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਿਠਾਈਆਂ ਉੱਤੇ ਵਰਤੀ ਜਾ ਰਹੀ ਵਰਕ ਫੂਡ ਸੇਫਟੀ ਮਾਪਦੰਡਾਂ ਅਨੁਸਾਰ ਹੈ ਜਾਂ ਨਹੀਂ। ਫੂਡ ਸੇਫਟੀ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਵਾਰ-ਵਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਮਿਠਾਈਆਂ ਉੱਤੇ ਸਿਰਫ਼ ਫੂਡ ਸੇਫਟੀ ਮਾਪਦੰਡਾਂ ਅਨੁਸਾਰ ਮਨਜ਼ੂਰਸ਼ੁਦਾ ਸਮੱਗਰੀ ਹੀ ਵਰਤੀ ਜਾਵੇ ਅਤੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਤਿਉਹਾਰਾਂ ਦੇ ਮੌਕੇ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਗੈਰ-ਮਨਜ਼ੂਰਸ਼ੁਦਾ ਸਮੱਗਰੀ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੈਬਾਰਟਰੀ ਰਿਪੋਰਟ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਖਰੀਦਣ ਸਮੇਂ ਸਾਵਧਾਨੀ ਵਰਤਣ ਅਤੇ ਸ਼ੱਕੀ ਵਸਤਾਂ ਸਬੰਧੀ ਵਿਭਾਗ ਨੂੰ ਜਾਣਕਾਰੀ ਦੇਣ, ਤਾਂ ਜੋ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।