ਕਮਲ ਸ਼ਰਮਾ ਦੇ ਤੁਰ ਜਾਣ ਮਗਰੋਂ ਪੰਜਾਬ ’ਚ ਲੰਮਾਂ ਸਮਾਂ ਪੈਰਾਂ 'ਤੇ ਨਾ ਆਈ ਭਾਜਪਾ ਕਮਲ ਸ਼ਰਮਾ ਦੇ ਤੁਰ ਜਾਣ ਮਗਰੋਂ ਪੰਜਾਬ ’ਚ ਲੰਮਾਂ ਸਮਾਂ ਪੈਰਾਂ 'ਤੇ ਨਾ ਆਈ ਭਾਜਪਾ
Publish Date: Mon, 26 Oct 2026 07:12 PM (IST)
Updated Date: Mon, 26 Oct 2026 07:13 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : 27 ਅੱਕਤੂਬਰ 2019 ਨੂੰ ਦੀਵਾਲੀ ਵਾਲੀ ਸਵੇਰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਇੱਕ ਅਜਿਹਾ ਜ਼ਖ਼ਮ ਮਿਲਿਆ ਸੀ, ਜੋ ਨਾਂ ਤਾਂ ਭਰਿਆ ਸਗੋਂ ਲੰਮਾਂ ਸਮਾਂ ਉਸ ’ਚੋਂ ਚੀਸ ਉਠਦੀ ਰਹੀ । ਪੰਜਾਬ ਭਾਜਪਾ ਦੇ ਨਾਮਵਰ , ਮਿਹਨਤੀ ਅਤੇ ਹਰ ਦਿਲ ਅਜ਼ੀਜ਼ ਨੇਤਾ ਕਮਲ ਸ਼ਰਮਾ ਅਚਾਨਕ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ।ਭਾਜਪਾ ਨੂੰ ਪੰਜਾਬ ਚ 23 ਲੱਖ ਤੋਂ ਵੱਧ ਮੈਂਬਰਾਂ ਵਾਲੀ ਪਾਰਟੀ ਬਣਾਉਣ ਵਾਲੇ ਕਮਲ ਸ਼ਰਮਾ ਦੇ ਤੁਰ ਜਾਣ ਨਾਲ ਜਿੱਥੇ ਭਾਜਪਾ ਦਾ ਮਿਸ਼ਨ 2022 ਪੂਰੀ ਤਰ੍ਹਾਂ ਖ਼ਤਮ ਹੋ ਗਿਆ, ਉੱਥੇ ਹੀ ਭਾਜਪਾ ਦੀ ਸੂਬਾਈ ਲੀਡਰਸ਼ਿਪ ਲਈ ਅਜਿਹਾ ਖਲਾਅ ਪੈਦਾ ਹੋ ਗਿਆ,ਜਿਸ ਤੋਂ ਲੰਮਾਂ ਸਮਾਂ ਪਾਰਟੀ ਉਭਰ ਨਾ ਸਕੀ । ਅਕਾਲ ਚਲਾਣੇ ਤੋਂ ਪਹਿਲੋਂ ਉਸੇ ਸਾਲ ਹੋਈਆਂ ਪਾਰਲੀਮੈਂਟ ਚੋਣਾਂ ਵਿੱਚ ਸਵਰਗਵਾਸੀ ਕਮਲ ਸ਼ਰਮਾ ਦੇ ਜਿੰਮੇਂ ਆਈਆਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟਾਂ ’ਤੇ ਭਾਜਪਾ ਨੂੰ ਜਿੱਤ ਦਰਜ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਫਿਰੋਜ਼ਪੁਰ ਤੋਂ ਭਾਈਵਾਲ ਅਕਾਲੀ ਦਲ ਬਾਦਲ ਦੇ ਸੁਪ੍ਰੀਮੋ ਸੁਖਬੀਰ ਸਿੰਘ ਬਾਦਲ ਦੀ ਜਿੱਤ ਵਿੱਚ ਵੀ ਵੱਡਾ ਰੋਲ ਅਦਾ ਕੀਤਾ ਸੀ। ਭਾਵੇਂ ਕਿ ਉਸ ਸਮੇਂ ਤੱਕ ਭਾਜਪਾ ਦੀ ਭਾਈਵਾਲ ਅਕਾਲੀ ਦਲ ਨਾਲ ਚੰਗੀ ਸਾਂਝ ਚੱਲ ਰਹੀ ਸੀ,ਪਰ ਦੇਸ਼ ਦੀ ਗਠਜੋੜ ਸਿਆਸਤ ਚ ਖੇਤਰੀ ਪਾਰਟੀਆਂ ਵੱਲੋਂ ਅੱਖਾਂ ਵਿਖਾਏ ਜਾਣ ਦੇ ਚੱਲ ਰਹੇ ਸਿਲਸਿਲੇ ਕਾਰਨ ਭਾਰਤੀ ਜਨਤਾ ਪਾਰਟੀ ਆਲਾ ਕਮਾਨ ਵੱਲੋਂ ਲਗਾਤਾਰ ਹਰ ਸੂਬੇ ਅੰਦਰ ਆਪਣੇ ਆਪ ਨੂੰ ਪੈਰਾਂ ਭਾਰ ਕੀਤਾ ਜਾ ਰਿਹਾ ਸੀ। 2019 ਲੋਕ ਸਭਾ ਚੋਣਾਂ ਚ ਪੰਜਾਬ ਅੰਦਰ ਸਭ ਤੋਂ ਵਧੀਆ ਪ੍ਰਫਾਰਮੈਂਸ ਦੇਣ ਵਾਲੇ ਕਮਲ ਸ਼ਰਮਾ ਦੇ ਰੂਪ ਚ ਭਾਜਪਾ ਨੂੰ ਇੱਕ ਅਜਿਹਾ ਚਿਹਰਾ ਨਜ਼ਰ ਆ ਰਿਹਾ ਸੀ ਜੋ ਵਕਤ ਆਉਣ ਤੇ ਆਪਣੇ ਬਲ ਤੇ ਪੰਜਾਬ ਅੰਦਰ ਬਿਨਾਂ ਗਠਜੋੜ ਭਾਜਪਾ ਦੀ ਅਗਵਾਈ ਕਰ ਸਕਦਾ ਸੀ। ਸੂਤਰਾਂ ਮੁਤਾਬਿਕ ਕਮਲ ਸ਼ਰਮਾ ਦੇ ਦਿਹਾਂਤ ਤੋਂ ਪਹਿਲਾਂ ਪੰਜਾਬ ਦੇ 45 ਤੋਂ 50 ਵਿਧਾਇਕ ਉਨ੍ਹਾਂ ਦੇ ਘੇਰੇ ਅਤੇ ਸੰਪਰਕ ਚ ਸਨ। ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਸਿਰਫ਼ ਚਾਰ ਹੀ ਸੀਟਾਂ ਮਿਲੀਆਂ ਸਨ। ਇੱਥੇ ਗਠਜੋੜ ਦੇ ਲਿਹਾਜ਼ ਨਾਲ ਭਾਵੇਂ ਕਾਫ਼ੀ ਮਾੜੀ ਹਾਲਤ ਆਖੀ ਜਾ ਸਕਦੀ ਹੈ, ਪਰ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ ਚੋਂ ਦੋ ਤੇ ਜਿੱਤ ਕੇ ਭਾਜਪਾ ਦਾ ਨਤੀਜਾ ਤਸੱਲੀਬਖ਼ਸ਼ ਰਿਹਾ। ਇੱਥੇ ਕਮਲ ਸ਼ਰਮਾ ਦੇ ਹੱਕ ਚ ਜਾਂਦੀ ਗੱਲ ਇਹ ਸੀ ਕਿ ਪਹਿਲਾਂ ਤਾਂ ਉਨ੍ਹਾਂ ਦੇ ਜ਼ਿੰਮੇ ਲੱਗੀ ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਸੰਨੀ ਦਿਓਲ ਨੇ ਕਾਂਗਰਸ ਦੇ ਕੱਦਾਵਰ ਨੇਤਾ ਸੁਨੀਲ ਜਾਖੜ ਨੂੰ ਵੱਡੇ ਫ਼ਰਕ ਨਾਲ ਹਰਾਇਆ, ਫ਼ਿਰ ਹੁਸ਼ਿਆਰਪੁਰ ਸੀਟ ਤੋਂ ਉਨ੍ਹਾਂ ਦੇ ਕਰੀਬੀ ਸੋਮ ਪ੍ਰਕਾਸ਼ ਵੀ ਚੋਣ ਜਿੱਤ ਗਏ। ਤੀਜੀ ਸਭ ਤੋਂ ਵੱਡੀ ਕਾਮਯਾਬੀ ਇਹ ਰਹੀ ਕਿ ਉਨ੍ਹਾਂ ਦੇ ਗ੍ਰਹਿ ਹਲਕੇ ਫ਼ਿਰੋਜ਼ਪੁਰ ਤੋਂ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੱਖਾਂ ਵੋਟਾਂ ਤੇ ਜੇਤੂ ਰਹੇ। ਇਸੇ ਦੇ ਚੱਲਦਿਆਂ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕੱਲਿਆਂ ਚੋਣ ਲੜਨ ਦਾ ਲਿਆ ਸੁਪਨਾ ਉਨ੍ਹਾਂ ਨੂੰ ਕਮਲ ਸ਼ਰਮਾ ਦੇ ਰੂਪ ਚ ਪੂਰਾ ਹੁੰਦਾ ਨਜ਼ਰ ਆ ਰਿਹਾ ਸੀ, ਪਰ ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਸੀ। 27 ਅੱਕਤੁਬਰ ਮੰਗਲਵਾਰ ਨੂੰ ਸਵਰਗਵਾਸੀ ਕਮਲ ਸ਼ਰਮਾ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ,ਪਾਰਟੀ ,ਕਰੀਬੀਆਂ ਅਤੇ ਸੱਜਣਾਂ ਮਿੱਤਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣੀ ਹਰਦਿਲ ਅਜੀਜ਼ ਨੂੰ ਚੇਤੇ ਕੀਤਾ ਜਾਵੇਗਾ। ,