ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੈ ‘ਫਲੈਕਸ ਮਾਫੀਆ’ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ‘ਫਲੈਕਸ ਮਾਫੀਆ’!
Publish Date: Fri, 16 Oct 2026 05:53 PM (IST)
Updated Date: Fri, 16 Oct 2026 05:54 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹਿਰ ਵਿੱਚ ‘ਨਾਜਾਇਜ਼ ਫਲੈਕਸ ਲਗਾਉਣ’ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪਾਬੰਦੀ ਦੇ ਹੁਕਮਾਂ ਦੀਆਂ ਅਗਲੇ ਹੀ ਦਿਨ ਧੱਜੀਆਂ ਉਡਦੀਆਂ ਨਜ਼ਰੀ ਪਈਆਂ। ਇੱਕ ਪਾਸੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸ਼ਹਿਰ ਦੀਆਂ ਸੜਕਾਂ, ਚੌਕਾਂ ਅਤੇ ਡਿਵਾਈਡਰਾਂ ’ਤੇ ਨਾਜਾਇਜ਼ ਫਲੈਕਸਾਂ ਦੀ ਭਰਮਾਰ ਇਨ੍ਹਾਂ ਹੁਕਮਾਂ ਦੀ ਪ੍ਰਭਾਵਸ਼ੀਲਤਾ ਨੂੰ ਚੁਣੌਤੀ ਦੇ ਰਹੀ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਵਾਲੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ , ਆਪਣੇ ਹੀ ਮੇਨ ਗੇਟ ਅੱਗੇ, ਆਪਣਾ ਹੀ ਲਗਾਇਆ ਹੋਇਆ ਇਕ ਨਾਜਾਇਜ਼ ਫਲੈਕਸ ਜਿਵੇਂ ਸਰਕਾਰੀ ਹੁੱਕਮਾਂ ਨੂੰ ਮੁੰਹ ਚਿੜਾ ਰਿਹਾ ਹੋਵੇ। ਉਲੰਘਣਾ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਨਗਰ ਕੌਂਸਲ ਦੇ ਗੇਟ ਸਾਹਮਣੇ ਹੀ ਫਲੈਕਸ ਲੱਗੇ ਹੋਣ ਦੇ ਮਾਮਲੇ ਨੇ ਪ੍ਰਸ਼ਾਸਕੀ ਕਾਰਵਾਈ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਕਰਯੋਗ ਹੈ ਕਿ ਸ਼ਹਿਰ ਦੇ ਸੁੰਦਰ ਚੌਕਾਂ ਅਤੇ ਡਿਵਾਈਡਰਾਂ ’ਤੇ ਲੱਗੇ ਖੰਭਿਆਂ ਨੂੰ ਛੋਟੇ-ਛੋਟੇ ਫਲੈਕਸ ਬੋਰਡਾਂ ਨਾਲ ਭਰਿਆ ਜਾ ਰਿਹਾ ਹੈ। ਹਾਲਾਤ ਹੋਰ ਵੀ ਗੰਭੀਰ ਉਦੋਂ ਨਜ਼ਰ ਆਏ ਜਦੋਂ ਸ਼ਹੀਦਾਂ ਦੇ ਨਾਂ ’ਤੇ ਬਣੇ ਚੌਕਾਂ ਵਿੱਚ ਵੀ ਸਿਆਸੀ ਆਗੂਆਂ ਦੇ ਅਣਅਧਿਕਾਰਤ ਫਲੈਕਸ ਲੱਗੇ ਵਿਖਾਈ ਦਿੱਤੇ। ਇਸ ਨਾਲ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਜਨਤਕ ਥਾਵਾਂ ਦੀ ਵਰਤੋਂ ਅਤੇ ਨਿਯਮਾਂ ਦੀ ਪਾਲਣਾ ਬਾਰੇ ਵੀ ਸਵਾਲ ਉੱਠਦੇ ਹਨ। ਹੁਣ ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਆਪਣੇ ਹੁਕਮਾਂ ਨੂੰ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਰੱਖੇਗਾ ਜਾਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਕਸਾਰ ਕਾਰਵਾਈ ਵੀ ਕਰੇਗਾ? ਇਸ ਸਬੰਧੀ ਸਥਾਨਕ ‘ਗੀਤਾ ਪ੍ਰਚਾਰ ਸੰਮਤੀ’ ਦੇ ਆਗੂ ਪੰਤਡ ਪ੍ਰੇਮਨਾਥ ਸ਼ਰਮਾ ਨੇ ਮੰਗ ਕੀਤੀ ਕਿ ਨਾਜਾਇਜ਼ ਫਲੈਕਸ ਹਟਾਉਣ ਦੇ ਨਾਲ-ਨਾਲ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਨਿਯਮਾਂ ਅਨੁਸਾਰ ਜੁਰਮਾਨੇ ਕੀਤੇ ਜਾਣ ਅਤੇ ਮਨਜ਼ੂਰਸ਼ੁਦਾ ਥਾਵਾਂ ਦੀ ਸਪੱਸ਼ਟ ਜਾਣਕਾਰੀ ਜਨਤਕ ਕੀਤੀ ਜਾਵੇ। ਕਿਰਾਏ ’ਤੇ ਇੱਕ ਖੰਭਾ, ਫਲੈਕਸ ਪੂਰੇ ਸ਼ਹਿਰ ’ਚ ਫਿਰੋਜ਼ਪੁਰ ਸ਼ਹਿਰ ਵਿੱਚ ਬੀਤੇ ਕਈ ਦਹਾਕਿਆਂ ਤੋਂ ਚੱਲ ਰਹੇ ਨਾਜਾਇਜ਼ ਫਲੈਕਸਾਂ ਦੇ ਧੰਦੇ ਸਬੰਧੀ ਬੜੀ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਲਾਕੇ ਵਿੱਚ ਸੱਤਾਧਾਰੀ ਅਤੇ ਵਿਰੋਧੀ ਸਿਆਸੀ ਧਿਰਾਂ ਤੋਂ ਲੈ ਕੇ ਧਾਰਮਿਕ ਬਾਬਿਆਂ ਅਤੇ ਆਮ ਲੋਕਾਂ ਦੀਆਂ ਫਲੈਕਸਾਂ ਲਾਉਣ ਦਾ ਕੰਮ ਕਰ ਰਹੇ ਇਕ ਦੋ ਮੁੱਖ ਵਪਾਰੀਆਂ ਦੇ ਫਲੈਕਸ ਲਗਾਉਣ ਦੇ ਤਰੀਕੇ ਨੂੰ ਲੈ ਕੇ ਇਹ ਦੋਸ਼ ਵੀ ਸਾਹਮਣੇ ਆਉਂਦੇ ਰਹੇ ਹਨ ਕਿ ਕੁਝ ਲੋਕ ਨਗਰ ਕੌਂਸਲ ਜਾਂ ਜ਼ਿਲ੍ਹਾ ਪ੍ਰੀਸ਼ਦ ਤੋਂ ਕਿਰਾਏ ’ਤੇ ਮਨਜ਼ੂਰਸ਼ੁਦਾ ਫਲੈਕਸ ਪੋਲ ਲੈਣ ਮਗਰੋਂ ਹੋਰ ਥਾਵਾਂ ’ਤੇ ਵੀ ਬੋਰਡ ਲਗਾ ਦਿੰਦੇ ਹਨ। ਬਿਜਲੀ ਦੇ ਖੰਭਿਆਂ ’ਤੇ ਲੱਗਣ ਵਾਲੇ ਫਲੈਕਸਾਂ ਦੇ ਮਾਮਲੇ ਵਿੱਚ ਵੀ ਪਾਵਰਕਾਮ ਦੀ ਕਾਰਵਾਈ ਬਾਰੇ ਸਵਾਲ ਉੱਠ ਰਹੇ ਹਨ। ਫਲੈਕਸ ਉਤਾਰ ਕੇ ਹੀ ਸਾਰ ਲੈਂਦੇ ਅਧਿਕਾਰੀ, ਨਹੀਂ ਹੁੰਦੀ ਜੁਰਮਾਨਾ ਜਾਂ ਕਾਰਵਾਈ ਪੰਡਤ ਪ੍ਰੇਮਨਾਥ ਸ਼ਰਮਾ ਨੇ ਦੱਸਿਆ ਕਿ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕਾਰਵਾਈ ਦੇ ਨਾਂਅ ’ਤੇ ਨਗਰ ਕੌਂਸਲ ਫਿਰੋਜ਼ਪੁਰ ਫਲੈਕਸ ਉਤਾਰ ਤਾਂ ਲੈਂਦੀ ਹੈ, ਪਰ ਲਗਾਉਣ ਵਾਲਿਆਂ ਖ਼ਿਲਾਫ਼ ਜੁਰਮਾਨੇ ਜਾਂ ਹੋਰ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੰਦੀ। ਜੇਕਰ ਫਲੈਕਸ ਕੁਝ ਦਿਨਾਂ ਤੱਕ ਲੱਗੇ ਰਹਿਣ ਅਤੇ ਫਿਰ ਉਤਾਰ ਦਿੱਤੇ ਜਾਣ, ਤਾਂ ਇਸ਼ਤਿਹਾਰ ਲਗਾਉਣ ਵਾਲਿਆਂ ਦਾ ਮਕਸਦ ਪਹਿਲਾਂ ਹੀ ਪੂਰਾ ਹੋ ਚੁੱਕਾ ਹੁੰਦਾ ਹੈ।