ਦੂਨ ਵੈਲੀ ਦੀਆਂ ਪੰਜ ਹੋਣਹਾਰ ਖਿਡਾਰਨਾਂ ਨੇ ਜਿੱਤਿਆ ਸੂਬਾ ਪੱਧਰੀ ਮੈਦਾਨ ਦੂਨ ਵੈਲੀ ਦੀਆਂ ਪੰਜ ਹੋਣ਼ਹਾਰ ਖਿਡਾਰਨਾਂ ਨੇ ਜਿੱਤਿਆ ਰਾਜ ਪੱਧਰੀ ਮੈਦਾਨ
Publish Date: Thu, 12 Nov 2026 06:48 PM (IST)
Updated Date: Thu, 12 Nov 2026 06:51 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਦੂਨ ਵੈਲੀ ਕੈਂਬ੍ਰਿਜ ਸਕੂਲ ਦੀਆਂ ਪੰਜ ਹੋਣਹਾਰ ਵਿਦਿਆਰਥਣਾਂ ਨੇ ਆਪਣੀ ਮਿਹਨਤ, ਖੇਡ ਪ੍ਰਤੀ ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸੂਬਾ ਪੱਧਰ ’ਤੇ ਸਕੂਲ ਦਾ ਨਾਂ ਰੌਸ਼ਨ ਕਰਨ ਵੱਲ ਅਹਿਮ ਕਦਮ ਪੁੱਟਿਆ ਹੈ। ਸਕੂਲ ਦੀਆਂ ਇਨ੍ਹਾਂ ਪੰਜ ਖਿਡਾਰਨਾਂ ਦੀ ਅੰਡਰ-17 ਸੂਬਾ ਪੱਧਰੀ ਵੇਟਲਿਫਟਿੰਗ ਟੂਰਨਾਮੈਂਟ ਲਈ ਚੋਣ ਹੋਣ ਨਾਲ ਸਮੁੱਚੇ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ ਹੈ। ਇਹ ਮੁਕਾਬਲਾ ਖੰਨਾ (ਲੁਧਿਆਣਾ) ਵਿਖੇ ਕਰਵਾਇਆ ਜਾਵੇਗਾ। ਇਸ ਮਾਣਮੱਤੀ ਪ੍ਰਾਪਤੀ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਡਾ. ਸੁਭਾਸ਼ ਉੱਪਲ ਨੇ ਦੱਸਿਆ ਕਿ ਚੁਣੀਆਂ ਗਈਆਂ ਵਿਦਿਆਰਥਣਾਂ ਸੋਨਮਦੀਪ ਕੌਰ, ਗੁਰਬੀਰ ਕੌਰ, ਮਨਤਪ੍ਰੀਤ ਕੌਰ, ਗੁਨੀਤ ਕੌਰ ਅਤੇ ਪ੍ਰਭਨੂਰ ਕੌਰ ਨੇ ਆਪਣੀ ਅਣਥੱਕ ਮਿਹਨਤ, ਨਿਰੰਤਰ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸੰਘਰਸ਼ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਵਿਦਿਆਰਥਣਾਂ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੀ ਕੋਚ ਸੁਖਵਿੰਦਰ ਕੌਰ ਵੱਲੋਂ ਕਰਵਾਈ ਗਈ ਮਿਹਨਤ ਅਤੇ ਬਿਹਤਰੀਨ ਸਿਖਲਾਈ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਮਨੀਸ਼ ਮਿਸ਼ਰਾ ਨੇ ਖਿਡਾਰਨਾਂ ਅਤੇ ਕੋਚ ਸੁਖਵਿੰਦਰ ਕੌਰ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਵਿਦਿਆਰਥਣਾਂ ਸੂਬਾ ਪੱਧਰੀ ਮੁਕਾਬਲੇ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਗੀਆਂ ਅਤੇ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਉਣਗੀਆਂ। ਇਸ ਮੌਕੇ ਅਧਿਆਪਕਾ ਮਾਲਤੀ ਸੇਠੀ, ਸੁਖਮੀਤ ਕੌਰ, ਸਰੋਜ ਬਾਲਾ, ਅਮਰਜੀਤ ਕੌਰ, ਕਰਮਦੀਪ ਕੌਰ, ਹਰਦੀਪ ਕੌਰ ਅਤੇ ਕਰਮਜੀਤ ਕੌਰ ਆਦਿ ਹਾਜ਼ਰ ਸਨ।