- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਮੰਡਲ ’ਚ ਪਹਿਲੀ ਵਾਰ ਵਿਭਾਗੀ ਵਾਲੀਬਾਲ ਟੂਰਨਾਮੈਂਟ ਦੀ ਸ਼ੁਰੂਆਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਵਿਚ ਕਰਮਚਾਰੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਇੰਟਰ-ਡਿਪਾਰਟਮੈਂਟਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। 12 ਸਤੰਬਰ ਤੋਂ ਸ਼ੁਰੂ ਹੋਇਆ ਇਹ ਮੁਕਾਬਲਾ 4 ਅਕਤੂਬਰ ਤੱਕ ਚੱਲੇਗਾ। ਟੂਰਨਾਮੈਂਟ ਵਿੱਚ ਮੰਡਲ ਦੇ ਵੱਖ-ਵੱਖ ਵਿਭਾਗਾਂ ਦੀਆਂ 9 ਟੀਮਾਂ ਹਿੱਸਾ ਲੈ ਰਹੀਆਂ ਹਨ। ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਾਂਝੀ ਭਾਗੀਦਾਰੀ ਨਾਲ ਕਰਵਾਏ ਜਾ ਰਹੇ ਇਸ ਮੁਕਾਬਲੇ ਰਾਹੀਂ ਸਿਹਤ, ਆਪਸੀ ਤਾਲਮੇਲ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਟੂਰਨਾਮੈਂਟ ਦਾ ਉਦਘਾਟਨ 12 ਸਤੰਬਰ ਨੂੰ ਰੇਲਵੇ ਆਫਿਸਰਜ਼ ਕਲੱਬ, ਫਿਰੋਜ਼ਪੁਰ ਵਿਖੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵੱਲੋਂ ਕੀਤਾ ਗਿਆ। ਉਦਘਾਟਨੀ ਮੁਕਾਬਲਾ ਇਲੈਕਟ੍ਰਿਕਲ ਅਤੇ ਮਕੈਨਿਕਲ ਵਿਭਾਗ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਮਕੈਨਿਕਲ ਵਿਭਾਗ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਮੁਕਾਬਲੇ ਵਿਚ ਸ਼ਾਮਲ 9 ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਟੂਰਨਾਮੈਂਟ ਦੇ ਸਾਰੇ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਏ ਜਾਣਗੇ। ਇਸ ਦਾ ਫਾਈਨਲ ਮੁਕਾਬਲਾ 4 ਅਕਤੂਬਰ ਨੂੰ ਹੋਵੇਗਾ। ਟੂਰਨਾਮੈਂਟ ਦੀ ਸਮੁੱਚੀ ਵਿਵਸਥਾ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਦੇਖ-ਰੇਖ ਹੇਠ ਕੀਤੀ ਜਾ ਰਹੀ ਹੈ। ਇਸ ਮੌਕੇ ਡੀਆਰਐਮ ਸੰਜੀਵ ਕੁਮਾਰ ਨੇ ਕਿਹਾ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਵੱਸਦਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਤਣਾਅ ਤੋਂ ਮੁਕਤ ਰਹਿੰਦਿਆਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚੁਣੌਤੀਪੂਰਨ ਹੈ। ਰੇਲਵੇ ਕਰਮਚਾਰੀਆਂ ਲਈ ਇਹ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਉਹ ਸਿੱਧੇ ਜਾਂ ਅਸਿੱਧੇ ਤੌਰ ’ਤੇ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਕਰਮਚਾਰੀ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਨਿਯਮਿਤ ਤੌਰ ’ਤੇ ਖੇਡਾਂ ਤੇ ਸਰੀਰਕ ਗਤੀਵਿਧੀਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਹ ਟੂਰਨਾਮੈਂਟ ਕਰਮਚਾਰੀਆਂ ਵਿੱਚ ਫਿਟਨੈੱਸ ਦੇ ਨਾਲ ਆਪਸੀ ਸਾਂਝ ਅਤੇ ਟੀਮ ਵਰਕ ਦੀ ਭਾਵਨਾ ਨੂੰ ਵੀ ਮਜ਼ਬੂਤ ਕਰੇਗਾ।