ਫਿਰੋਜ਼ਪੁਰ ਨੇੜੇ ਟਰੈਕਟਰ-ਟਰਾਲੀ ’ਚ ਲੱਦੀ ਪਰਾਲੀ ਨੂੰ ਲੱਗੀ ਅੱਗ ਫਿਰੋਜ਼ਪੁਰ ਨੇੜੇ ਟਰੈਕਟਰ-ਟਰਾਲੀ ’ਚ ਲੱਦੀ ਪਰਾਲੀ ਨੂੰ ਲੱਗੀ ਅੱਗ
Publish Date: Tue, 03 Nov 2026 04:29 PM (IST)
Updated Date: Tue, 03 Nov 2026 04:32 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਸੇਠਾਂ ਦੇ ਅੱਡੇ ’ਤੇ ਅੱਜ ਉਸ ਵੇਲੇ ਇਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ, ਜਦੋਂ ਪਰਾਲੀ ਦੀਆਂ ਗੱਠਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਲੰਘਦੇ ਸਮੇਂ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਈ। ਬਿਜਲੀ ਦੀਆਂ ਤਾਰਾਂ ਨਾਲ ਹੋਈ ਛੂਹ ਕਾਰਨ ਨਿਕਲੇ ਚੰਗਿਆੜਿਆਂ ਨਾਲ ਟਰਾਲੀ ਵਿਚ ਲੱਦੀਆਂ ਪਰਾਲੀ ਦੀਆਂ ਗੱਠਾਂ ਨੇ ਤੁਰੰਤ ਅੱਗ ਫੜ ਲਈ ਅਤੇ ਦੇਖਦਿਆਂ ਹੀ ਦੇਖਦਿਆਂ ਧੂ-ਧੂ ਕੇ ਬਲਣ ਲੱਗ ਪਈਆਂ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ-ਟਰਾਲੀ ਨੂਰਪੁਰ ਸੇਠਾਂ ਅੱਡੇ ਤੋਂ ਲੰਘ ਰਹੀ ਸੀ। ਪਰਾਲੀ ਦੀਆਂ ਗੱਠਾਂ ਦੀ ਉੱਚਾਈ ਜ਼ਿਆਦਾ ਹੋਣ ਕਰਕੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਖਹਿ ਗਈਆਂ, ਜਿਸ ਨਾਲ ਅੱਗ ਦੇ ਭਾਂਬੜ ਮੱਚ ਗਏ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਸੜਕ ’ਤੇ ਆਵਾਜਾਈ ਵੀ ਕੁਝ ਸਮੇਂ ਲਈ ਪ੍ਰਭਾਵਿਤ ਹੋਈ। ਘਟਨਾ ਵਾਪਰਦੇ ਹੀ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਵੱਡੀ ਸਮਝਦਾਰੀ ਅਤੇ ਦਲੇਰੀ ਦਾ ਸਬੂਤ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਬਿਨਾਂ ਸਮਾਂ ਗਵਾਏ ਤੁਰੰਤ ਪਾਣੀ ਦਾ ਪ੍ਰਬੰਧ ਕੀਤਾ ਅਤੇ ਅੱਗ ’ਤੇ ਪਾਣੀ ਪਾ ਕੇ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਦੀ ਭਾਰੀ ਮਸ਼ੱਕਤ ਨਾਲ ਅੱਗ ’ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ, ਜਿਸ ਨਾਲ ਇੱਕ ਵੱਡਾ ਨੁਕਸਾਨ ਹੋਣੋਂ ਟਲ ਗਿਆ।