‘ਐਸ ਆਈ ਆਰ’ ਤੋਂ ਬਾਅਦ ਅੰਤਿਮ ਸੂਚੀ ਜਾਰੀ ਪਰ ‘ਸਸਪੈਂਸ’ ਬਰਕਰਾਰ ‘ਐਸ ਆਈ ਆਰ’ ਤੋਂ ਬਾਅਦ ਅੰਤਿਮ ਸੂਚੀ ਜਾਰੀ
Publish Date: Mon, 12 Oct 2026 07:45 PM (IST)
Updated Date: Mon, 12 Oct 2026 07:47 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ‘ਐਸ ਆਈ ਆਰ’ ਯਾਨੀ ਵਿਸ਼ੇਸ਼ ਸੋਧ ਪ੍ਰਕਿਰਿਆ ਤੋਂ ਬਾਅਦ ਆਖਰ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅੰਤਿਮ ਵੋਟਰ ਸੂਚੀ ’ਚੋਂ ਵੀ ਕਈ ਗੱਲਾਂ ਹਾਲੇ ਸਾਫ ਨਜ਼ਰ ਨਹੀਂ ਆ ਰਹੀਆਂ ਹਨ । ਭਾਵੇਂ ਕਿ ਪ੍ਰਸ਼ਾਸਨ ਵੱਲੋਂ ਜਾਰੀ ਤੁਲਨਾਤਮਕ ਆਂਕੜਿਆਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ 25302 ਵੋਟਾਂ ਦਾ ਵਾਧਾ ਦਰਜ ਵਿਖਾਇਆ ਗਿਆ ਹੈ,ਪਰ ਇਥੇ ਨਵੀਆਂ ਵੋਟਾਂ ਸਬੰਧੀ ਸਸਪੈਂਸ ਹਾਲੇ ਵੀ ਬਰਕਰਾਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਕਾਸ਼ਿਤ ਵੋਟਰ ਸੂਚੀਆਂ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕੁੱਲ 6,89,046 ਆਮ ਵੋਟਰ ਦਰਜ ਹਨ, ਜਿਨ੍ਹਾਂ ਵਿੱਚ 3,56,140 ਪੁਰਸ਼, 3,32,887 ਮਹਿਲਾਵਾਂ ਅਤੇ 19 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 2,529 ਸਰਵਿਸ ਵੋਟਰ ਦਰਜ ਕੀਤੇ ਗਏ ਹਨ। ਇੰਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਜ਼ੀਰਾ ਵਿੱਚ 1,82,831, ਫ਼ਿਰੋਜ਼ਪੁਰ ਸ਼ਹਿਰੀ ਵਿੱਚ 1,56,090, ਫ਼ਿਰੋਜ਼ਪੁਰ ਦਿਹਾਤੀ ਵਿੱਚ 1,86,365 ਅਤੇ ਗੁਰੂਹਰਸਹਾਏ ਵਿੱਚ 1,63,760 ਆਮ ਵੋਟਰ ਦਰਜ ਹਨ। ਜ਼ਿਲ੍ਹੇ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਪ੍ਰਕਿਰਿਆ ਤੋਂ ਬਾਅਦ 12 ਅਕਤੂਬਰ ਨੂੰ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਵਿੱਚ ਆਮ ਵੋਟਰਾਂ ਦੀ ਗਿਣਤੀ ਵਧ ਕੇ 6,89,046 ਹੋ ਗਈ ਹੈ। ਜਦਕਿ 13 ਅਗਸਤ 2026 ਨੂੰ ਪ੍ਰਕਾਸ਼ਿਤ ਮੁੱਢਲੀ ਵੋਟਰ ਸੂਚੀ ਵਿੱਚ 6,63,744 ਵੋਟਰ ਦਰਜ ਸਨ। ਇਸ ਤਰ੍ਹਾਂ ਦੋਵਾਂ ਸੂਚੀਆਂ ਦੀ ਤੁਲਨਾ ਕਰਨ ’ਤੇ ਜ਼ਿਲ੍ਹੇ ਵਿੱਚ ਵੋਟਰਾਂ ਦੀ ਗਿਣਤੀ ਦਾ ਸ਼ੁੱਧ ਵਾਧਾ 25,302 ਬਣਦਾ ਹੈ। ਹਾਲਾਂਕਿ ਸਸਪੈਂਸ ਅਜੇ ਵੀ ਬਣਿਆਂ ਹੋਇਆ ਹੈ , ਦੋਵਾਂ ਸੂਚੀਆਂ ਵਿੱਚ ਵੋਟਾਂ ਦੇ ਵਾਧੇ ਤੋਂ ਇਹ ਨਤੀਜਾ ਨਹੀਂ ਕੱਢਿਆ ਜਾ ਸਕਦਾ ਕਿ ਇੰਨੀਆਂ ਹੀ ਨਵੀਆਂ ਵੋਟਾਂ ਬਣੀਆਂ ਹਨ ਜਾਂ ਪ੍ਰਸ਼ਾਸਨ ਵੱਲੋਂ ਜਾਰੀ ਕੱਟੀਆਂ ਵੋਟਾਂ ਗੈਰ ਹਾਜ਼ਰ ,ਸ਼ਿਫਟਡ ,ਡਬਲ ਜਾਂ ਮਰਹੂਮ ਲੋਕਾਂ ਦੀਆਂ ਕੱਟੀਆਂ ਵੋਟਾਂ ਦੀ ਗਿਣਤੀ 54029 ਬਣਦੀ ਹੈ। ਇਸ ਸਬੰਧੀ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਲਈ ਜਾਰੀ ਕੀਤੇ ਗਏ ਏਜੰਡੇ ਵਿੱਚ ਨਵੀਆਂ ਬਣੀਆਂ ਅਤੇ ਅੰਤਿਮ ਤੌਰ ’ਤੇ ਕੱਟੀਆਂ ਗਈਆਂ ਵੋਟਾਂ ਦੇ ਵੱਖਰੇ ਅੰਕੜੇ ਸਪੱਸ਼ਟ ਤੌਰ ’ਤੇ ਦਰਜ ਨਹੀਂ ਹਨ। ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਕੁੱਲ ਕਿੰਨੇ ਨਵੇਂ ਵੋਟਰ ਸੂਚੀ ਵਿੱਚ ਸ਼ਾਮਲ ਹੋਏ ਅਤੇ ਕਿੰਨੇ ਵੋਟਰਾਂ ਦੇ ਨਾਮ ਹਟਾਏ ਗਏ। -------------------------------------------- ਫਿਰੋਜ਼ਪੁਰ ਸ਼ਹਿਰੀ ਹਲਕੇ ’ਚ ਸਭ ਤੋਂ ਵੱਧ ਵਾਧਾ, ਗੁਰੂਹਰਸਹਾਏ ’ਚ ਸੱਭ ਤੋਂ ਘੱਟ ਹਲਕਾ-ਵਾਰ ਅੰਕੜਿਆਂ ਅਨੁਸਾਰ ਫ਼ਿਰੋਜ਼ਪੁਰ ਸ਼ਹਿਰੀ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ 7,570 ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। ਜ਼ੀਰਾ ਹਲਕੇ ਵਿੱਚ 7,066, ਫ਼ਿਰੋਜ਼ਪੁਰ ਦਿਹਾਤੀ ਵਿੱਚ 6,109 ਅਤੇ ਗੁਰੂਹਰਸਹਾਏ ਵਿੱਚ 4,557 ਵੋਟਰਾਂ ਦਾ ਵਾਧਾ ਹੋਇਆ ਹੈ। ਅੰਤਿਮ ਸੂਚੀ ਵਿੱਚ ਫ਼ਿਰੋਜ਼ਪੁਰ ਦਿਹਾਤੀ 1,86,365 ਵੋਟਰਾਂ ਨਾਲ ਸਭ ਤੋਂ ਵੱਡਾ ਹਲਕਾ ਹੈ, ਜਦਕਿ ਫ਼ਿਰੋਜ਼ਪੁਰ ਸ਼ਹਿਰੀ ਵਿੱਚ 1,56,090 ਆਮ ਵੋਟਰ ਦਰਜ ਹਨ। ------------------------------------------- 54 ਹਜ਼ਾਰ ਤੋਂ ਵੱਧ ਵੋਟਰਾਂ ਦੀ ਹੋਈ ਸੀ ਨਿਸ਼ਾਨਦੇਹੀ ‘ਐਸ ਆਈ ਆਰ’ ਦੇ ਪਹਿਲੇ ਪੜਾਅ ਦੌਰਾਨ ਜ਼ਿਲ੍ਹੇ ਵਿੱਚ 54,029 ਵੋਟਰਾਂ ਨੂੰ ਗੈਰ-ਹਾਜ਼ਰ, ਸ਼ਿਫਟ ਹੋਏ, ਮ੍ਰਿਤਕ, ਡੁਪਲੀਕੇਟ ਜਾਂ ਹੋਰ ਕਾਰਨਾਂ ਤਹਿਤ ਨਿਸ਼ਾਨਬੱਧ ਕੀਤਾ ਗਿਆ ਸੀ। ਦੂਜੇ ਪੜਾਅ ਵਿੱਚ 1,15,612 ਨੋਟਿਸਾਂ ਦੇ ਆਧਾਰ ’ਤੇ ਜਾਂਚ ਦੌਰਾਨ 2,832 ਵੋਟਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਪਰ ਇਹ ਦੋਵੇਂ ਅੰਕੜੇ ਅੰਤਿਮ ਤੌਰ ’ਤੇ ਕੱਟੀਆਂ ਗਈਆਂ ਵੋਟਾਂ ਦੀ ਗਿਣਤੀ ਨਹੀਂ ਹਨ। ਦੋਹਾਂ ਪੜਾਵਾਂ ਦੇ ਅੰਕੜਿਆਂ ਵਿੱਚ ਸੰਭਾਵੀ ਦੁਹਰਾਅ ਅਤੇ ਅੰਤਿਮ ਕਾਰਵਾਈ ਦੀ ਪੁਸ਼ਟੀ ਉਪਲਬਧ ਵੇਰਵਿਆਂ ਵਿੱਚ ਨਹੀਂ ਹੈ। ਇਸ ਤਰ੍ਹਾਂ ਵੋਟਰਾਂ ਦੀ ਕੁੱਲ ਗਿਣਤੀ ਵਧਣ ਦੇ ਬਾਵਜੂਦ ਨਵੀਆਂ ਵੋਟਾਂ ਅਤੇ ਕੱਟੀਆਂ ਗਈਆਂ ਵੋਟਾਂ ਦਾ ਸਹੀ ਹਿਸਾਬ ਜਾਣਨ ਲਈ ਜ਼ਿਲ੍ਹੇ ਦੀਆਂ ਦੋ ਉਚ ਅਧਿਕਾਰੀਆਂ ਨੂੰ ਸੁਨੇਹਾ ਲਾਉਣ ਦੇ ਬਾਵਜੂਦ ਉਨ੍ਹਾਂ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ।