- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਿਆ ਜਾ ਰਿਹਾ ਹੈ ਕਿ ਮੋੜ ਦੌਰਾਨ ਟਰਾਲੇ ਉੱਪਰ ਰੱਖੇ ਗਾਡਰ ਖਿਸਕ ਕੇ ਸਿੱਧੇ ਸਾਈਕਲ ਸਵਾਰ ਮਾਂ-ਪੁੱਤ ਉੱਪਰ ਡਿੱਗ ਪਏ। ਹਾਦਸਾ ਇੰਨਾ ਭਿਆਨਕ ਸੀ ਕਿ ਪਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੁਲਵੰਤ ਸਿੰਘ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ।

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਥਾਣਾ ਮਖੂ ਅਧੀਨ ਪੈਂਦੇ ਪਿੰਡ ਵਰਪਾਲ ਨੇੜੇ ਅੱਜ ਵਾਪਰੇ ਸੜਕ ਹਾਦਸੇ ’ਚ ਓਵਰਲੋਡ ਟਰਾਲੇ ਤੋਂ ਲੋਹੇ ਦੇ ਗਾਡਰ ਡਿੱਗਣ ਕਾਰਨ ਸਾਈਕਲ ’ਤੇ ਜਾ ਰਹੇ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਵਰਪਾਲ ਵਾਸੀ ਪਰਮਜੀਤ ਕੌਰ (65) ਪਤਨੀ ਸਵਰਗਵਾਸੀ ਤਰਸੇਮ ਸਿੰਘ ਆਪਣੇ ਪੁੱਤਰ ਕੁਲਵੰਤ ਸਿੰਘ (30) ਨਾਲ ਸਾਈਕਲ ’ਤੇ ਆਪਣੀ ਧੀ ਦੇ ਘਰ ਜਾ ਰਹੀ ਸੀ। ਜਦੋਂ ਉਹ ਪਿੰਡ ਨੇੜੇ ਰਾਜਸਥਾਨ ਤੇ ਸਰਹਿੰਦ ਫੀਡਰ ਨਹਿਰ ਦੇ ਪੁਲ਼ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੱਕ-ਟਰਾਲੇ, ਜਿਸ ’ਚ ਪੁਲਾਂ ਦੇ ਲੋਹੇ ਦੇ ਗਾਡਰ ਓਵਰਲੋਡ ਤੇ ਬਿਨਾਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੇ ਲੱਦੇ ਹੋਏ ਸਨ, ਨੇ ਅਚਾਨਕ ਮੋੜ ਕੱਟਿਆ।
ਦੱਸਿਆ ਜਾ ਰਿਹਾ ਹੈ ਕਿ ਮੋੜ ਦੌਰਾਨ ਟਰਾਲੇ ਉੱਪਰ ਰੱਖੇ ਗਾਡਰ ਖਿਸਕ ਕੇ ਸਿੱਧੇ ਸਾਈਕਲ ਸਵਾਰ ਮਾਂ-ਪੁੱਤ ਉੱਪਰ ਡਿੱਗ ਪਏ। ਹਾਦਸਾ ਇੰਨਾ ਭਿਆਨਕ ਸੀ ਕਿ ਪਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੁਲਵੰਤ ਸਿੰਘ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਖੂ ਦੇ ਐੱਸਐੱਚਓ ਜਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ। ਐੱਸਐੱਚਓ ਜਤਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿਵਾਇਆ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।