ਮੀਂਹ ਤੋਂ ਬਾਅਦ ਖਿੜੀ ਧੁੱਪ, ਦਿਨੇ ਪਤੰਗਾਂ ਤੇ ਰਾਤੀ ਚੰਡੋਲਾਂ ਨੇ ਅਸਮਾਨ ’ਚ ਭਰੇ ਰੰਗ
ਜੋਸ਼ੋ ਖ਼ਰੋਸ਼ ਨਾਲ ਫ਼ਿਰੋਜ਼ਪੁਰੀਆਂ ਮਨਾਇਆ ਬਸੰਤ
Publish Date: Fri, 23 Jan 2026 07:08 PM (IST)
Updated Date: Fri, 23 Jan 2026 07:10 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਵਿਚ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਭਾਵੇਂ ਕਿ ਵੀਰਵਾਰ ਰਾਤ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਸਵੇਰ ਵੇਲੇ ਪਤੰਗਬਾਜ਼ਾਂ ਦੇ ਮਨਾਂ ਵਿਚ ਕੁਝ ਨਿਰਾਸ਼ਾ ਭਰੀ ਸੀ, ਪਰ ਕੁਦਰਤ ਨੇ ਵੀ ਇਸ ਤਿਉਹਾਰ ਮੌਕੇ ਪਤੰਗਬਾਜ਼ਾਂ ਦਾ ਸਾਥ ਦਿੱਤਾ। ਸਵੇਰੇ ਮੌਸਮ ਸਾਫ਼ ਹੁੰਦਿਆਂ ਜਿਵੇਂ ਹੀ ਧੁੱਪ ਨਿਕਲੀ, ਪੂਰੇ ਫਿਰੋਜ਼ਪੁਰ ਵਿਚ ਆਸਮਾਨ ’ਤੇ ਪਤੰਗਾਂ ਦਾ ਨਜਾਰਾ ਵੇਖਣ ਨੂੰ ਮਿਲਿਆ। ਧੁੱਪ ਨਿਕਲਦੇ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਕੋਈ ਆਪਣੇ ਘਰਾਂ ਦੀਆਂ ਛੱਤਾਂ ’ਤੇ ਡੇਰੇ ਲਾ ਕੇ ਬੈਠ ਗਿਆ। ਸ਼ਾਇਦ ਹੀ ਕੋਈ ਅਜਿਹੀ ਛੱਤ ਹੋਵੇਗੀ ਜਿੱਥੇ ਭੀੜ ਨਾ ਹੋਵੇ। ਜਿੱਥੇ ਨੌਜਵਾਨ ਅਤੇ ਬੱਚੇ ਡੀਜੇ ਦੀਆਂ ਧੁਨਾਂ ’ਤੇ ਭੰਗੜੇ ਪਾ ਰਹੇ ਸਨ, ਉੱਥੇ ਹੀ ਘਰਾਂ ਦੀਆਂ ਮਹਿਲਾਵਾਂ ਨੇ ਬਸੰਤ ਦੇ ਸਵਾਗਤ ਲਈ ਪੀਲੇ ਚੌਲ, ਮਿੱਠੇ ਪਕਵਾਨ ਅਤੇ ਪੰਜਾਬੀ ਪਕਵਾਨ ਤਿਆਰ ਕੀਤੇ ਸਨ। ਵਿਦੇਸ਼ਾਂ ਤੋਂ ਪਹੁੰਚੇ ਪਤੰਗਬਾਜ਼ ਫਿਰੋਜ਼ਪੁਰ ਦੀ ਬਸੰਤ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦਿਨ ਹਰ ਵਾਰ ਕੈਨੇਡਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਦਿੱਲੀ ਵਰਗੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪ੍ਰਵਾਸੀ ਪੰਜਾਬੀ ਵਿਸ਼ੇਸ਼ ਤੌਰ ’ਤੇ ਆਪਣੇ ਜੱਦੀ ਸ਼ਹਿਰ ਪਹੁੰਚੇ। ਕਈ ਪਰਿਵਾਰਾਂ ਨੇ ਦੱਸਿਆ ਕਿ ਉਹ ਸਾਲ ਭਰ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ ਤਾਂ ਜੋ ਉਹ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕਣ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਪਤੰਗਬਾਜ਼ੀ ਦਾ ਆਨੰਦ ਲੈ ਸਕਣ ਪੂਰਾ ਦਿਨ ਅਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਸਜਿਆ ਰਿਹਾ। ਪਤੰਗ ਕੱਟਣ ’ਤੇ ਡੀਜੇ ਦੇ ਸਪੀਕਰ ਤੋਂ ਵੱਜਣ ਵਾਲੇ ਗਾਣਿਆਂ ਨੂੰ ਹੋਲੀ ਕਰਕੇ ਉੱਚੀ ਸਾਰੀ ‘ਆਈ ਬੋ, ਆਈ ਬੋ’ ਦੇ ਨਾਅਰਿਆਂ ਨੇ ਪੂਰੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਫਿਰੋਜ਼ਪੁਰ ਦੀ ਬਸੰਤ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਰਹੀ। ਇਸ ਵਾਰ ਇਸ ਦਾ ਰੰਗ ਮਾਨਣ ਲਈ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਦਿੱਲੀ ਵਰਗੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪ੍ਰਵਾਸੀ ਪੰਜਾਬੀ ਵਿਸ਼ੇਸ਼ ਤੌਰ ’ਤੇ ਆਪਣੇ ਜੱਦੀ ਸ਼ਹਿਰ ਪਹੁੰਚੇ। ਸਾਲ ਭਰ ਤੋਂ ਸੀ ਇੰਤਜ਼ਾਰ ਕਈ ਪਰਿਵਾਰਾਂ ਨੇ ਦੱਸਿਆ ਕਿ ਉਹ ਸਾਲ ਭਰ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ ਤਾਂ ਜੋ ਉਹ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕਣ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਪਤੰਗਬਾਜ਼ੀ ਦਾ ਆਨੰਦ ਲੈ ਸਕਣ। ਜਿਵੇਂ-ਜਿਵੇਂ ਦਿਨ ਢਲਿਆ, ਉਤਸ਼ਾਹ ਘਟਣ ਦੀ ਬਜਾਏ ਹੋਰ ਵਧ ਗਿਆ। ਸ਼ਾਮ ਹੁੰਦਿਆਂ ਹੀ ਅਸਮਾਨ ਵਿਚ ਰੋਸ਼ਨੀ ਨਾਲ ਸਜੇ ‘ਚੰਡੋਲ’ ਉਡਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਰਾਤ ਦੇ ਹਨੇਰੇ ਵਿਚ ਤਾਰਿਆਂ ਵਾਂਗ ਚਮਕਦੇ ਇਹ ਚੰਡੋਲ ਬਹੁਤ ਹੀ ਮਨਮੋਹਕ ਨਜ਼ਾਰਾ ਪੇਸ਼ ਕਰ ਰਹੇ ਸਨ। ਲੋਕਾਂ ਨੇ ਦੇਰ ਰਾਤ ਤੱਕ ਛੱਤਾਂ ’ਤੇ ਆਤਿਸ਼ਬਾਜ਼ੀ ਕਰਕੇ ਅਤੇ ਰੌਸ਼ਨੀ ਦੇ ਇਸ ਉਤਸਵ ਦਾ ਜਸ਼ਨ ਮਨਾਇਆ। ਪ੍ਰਸ਼ਾਸਨ ਵੱਲੋਂ ਲਗਾਈ ਗਈ ਸਖ਼ਤ ਪਾਬੰਦੀ ਅਤੇ ਲਗਾਤਾਰ ਕੀਤੀਆਂ ਗਈਆਂ ਅਪੀਲਾਂ ਦੇ ਬਾਵਜੂਦ, ਕਈ ਥਾਵਾਂ ’ਤੇ ਲੋਕ ਘਾਤਕ ਚਾਈਨਾ ਡੋਰ ਦੀ ਵਰਤੋਂ ਕਰਦੇ ਦੇਖੇ ਗਏ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਅਤ ਅਤੇ ਸੂਤੀ ਡੋਰ ਵਰਤਣ ਦੀ ਹਦਾਇਤ ਦਿੱਤੀ ਸੀ, ਪਰ ਮੁਕਾਬਲੇਬਾਜ਼ੀ ਦੇ ਚੱਕਰ ਵਿੱਚ ਨਿਯਮਾਂ ਦੀ ਉਲੰਘਣਾ ਹੋਈ, ਜਿਸ ਕਾਰਨ ਰਾਹਗੀਰਾਂ ਅਤੇ ਪੰਛੀਆਂ ਲਈ ਖ਼ਤਰਾ ਬਣਿਆ ਰਿਹਾ।