- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ, ਏ.ਐੱਨ.ਟੀ.ਐੱਫ. ਅਤੇ ਬੀਐੱਸਐੱਫ ਦੀਆਂ ਵਿਸ਼ੇਸ਼ ਟੀਮਾਂ ਸਰਹੱਦੀ ਖੇਤਰਾਂ ਵਿੱਚ ਮੋਟਰਸਾਈਕਲਾਂ ਅਤੇ ਗੱਡੀਆਂ ਰਾਹੀਂ ਲਗਾਤਾਰ ਪੈਟਰੋਲਿੰਗ ਤੇ ਗਸ਼ਤ 'ਤੇ ਤਾਇਨਾਤ ਸਨ। ਗੁਪਤ ਸੂਚਨਾ ਅਤੇ ਸਿਸਟਮ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਅਤੇ ਬੀਐੱਸਐੱਫ ਦੀਆਂ ਟੀਮਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਸੀ ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਹਿੰਦ ਪਾਕਿ ਕੌਮਾਂਤਰੀ ਸਰਹੱਦ ਤੋਂ 15 ਕਿੱਲੋਮੀਟਰ ਅੰਦਰ ਪਿੰਡ ਪੱਧਰੀ ਕੋਲੋਂ ਬੀਤੇ ਦਿਨ ਬਰਾਮਦ 20 ਕਿੱਲੋ ਹੈਰੋਇਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅਹਿਮ ਖ਼ੁਲਾਸੇ ਕੀਤੇ ਗਏ ਹਨ। ਬੀਤੇ ਦਿਨ ਯਾਨੀ ਬੁੱਧਵਾਰ ਨੂੰ ਪਾਕਿਸਤਾਨੀ ਡਰੋਨ ਵੱਲੋਂ ਕੀਤੀ ਹੈਰੋਇਨ ਦੀ ‘ਡਰੋਪਿੰਗ’ ਵਿੱਚ ਪੁਲਿਸ ਨੂੰ ਤਿੰਨ ਜੋੜੇ ਚਾਂਦੀ ਦੀਆਂ ਪੰਜੇਬਾਂ ਅਤੇ 12 ਬਲਿੰਕਿੰਗ ਸਟਿੱਕਾਂ ਵੀ ਬਰਾਮਦ ਹੋਈਆਂ ਹਨ,ਜੋ ਪੁਲਿਸ ਲਈ ਬੁਝਾਰਤ ਬਣੀਆਂ ਹੋਈਆਂ ਹਨ। ਪੁਲਿਸ ਹੁਣ ਇਹ ਜਾਣਨ ਵਿੱਚ ਲੱਗੀ ਹੋਈ ਹੈ ਕਿ ਹੈਰੋਇਨ ਨਾਲ ਆਈਆਂ ਪੰਜੇਬਾਂ ਅਤੇ ਬਲਿੰਕਿੰਗ ਸਟਿੱਕਾਂ ਪਾਕਿਸਤਾਨੋਂ ਆਇਆ ਕੋਈ ਸਿਗਨਲ ਹੈ ਜਾਂ ਨਵੇਂ ‘ਪਾਂਡੀਆਂ ’ ਨੂੰ ਲੁਭਾਉਣ ਲਈ ਪਾਕਿਸਤਾਨੀ ਡਰੱਗ ਸਪਲਾਇਰਾਂ ਵੱਲੋਂ ਕੋਈ ਤੋਹਫੇ ਭੇਜੇ ਗਏ ਹਨ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ, ਏ.ਐੱਨ.ਟੀ.ਐੱਫ. ਅਤੇ ਬੀਐੱਸਐੱਫ ਦੀਆਂ ਵਿਸ਼ੇਸ਼ ਟੀਮਾਂ ਸਰਹੱਦੀ ਖੇਤਰਾਂ ਵਿੱਚ ਮੋਟਰਸਾਈਕਲਾਂ ਅਤੇ ਗੱਡੀਆਂ ਰਾਹੀਂ ਲਗਾਤਾਰ ਪੈਟਰੋਲਿੰਗ ਤੇ ਗਸ਼ਤ 'ਤੇ ਤਾਇਨਾਤ ਸਨ। ਗੁਪਤ ਸੂਚਨਾ ਅਤੇ ਸਿਸਟਮ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਅਤੇ ਬੀਐੱਸਐੱਫ ਦੀਆਂ ਟੀਮਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਸੀ । ਪੁਲਿਸ ਦੀ ਘੇਰਾਬੰਦੀ ਹੁੰਦੀ ਦੇਖ ਤਸਕਰ ਹਨੇਰੇ ਅਤੇ ਖੇਤਾਂ ਦਾ ਫਾਇਦਾ ਚੁੱਕ ਕੇ ਆਪਣੇ ਮੋਟਰਸਾਈਕਲ ਅਤੇ ਸਮਾਨ ਛੱਡ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਤਲਾਸ਼ੀ ਅਭਿਆਨ ਦੌਰਾਨ ਮੌਕੇ ਤੋਂ 20 ਕਿੱਲੋ 298 ਗ੍ਰਾਮ ਹੈਰੋਇਨ, ਦੋ ਮੋਟਰਸਾਈਕਲ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਮੁਖੀ ਨੇ ਦੱਸਿਆ ਕਿ ਇਸ ਬਰਾਮਦਗੀ ਦੌਰਾਨ ਇੱਕ ਅਨੋਖੀ ਚੀਜ਼ ਵੀ ਸਾਹਮਣੇ ਆਈ, ਜਿਸ ਵਿੱਚ ਚਾਂਦੀ ਦੀਆਂ ਪੰਜੇਬਾਂ ਦੇ 3 ਜੋੜੇ ਵੀ ਮਿਲੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪੰਜੇਬਾਂ ਪਾਕਿਸਤਾਨ ਵੱਲੋਂ ਤਸਕਰਾਂ ਦੁਆਰਾ ਭੇਜੀਆਂ ਗਈਆਂ ਹਨ ਜਾਂ ਕਿਸੇ ਵਿਸ਼ੇਸ਼ ਸੰਕੇਤ ਵਜੋਂ ਵਰਤੀਆਂ ਜਾਣੀਆਂ ਸਨ, ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਖੀ ਨੇ ਦੱਸਿਆ ਕਿ ਇਹ ਨਸ਼ੇ ਦੀ ਖੇਪ ਪਾਕਿਸਤਾਨ ਵਾਲੇ ਪਾਸਿਓਂ ਵੱਡੇ ਡਰੋਨਾਂ ਰਾਹੀਂ ਸੁੱਟੀ ਗਈ ਪ੍ਰਤੀਤ ਹੁੰਦੀ ਹੈ। ਪੁਲਿਸ ਵੱਲੋਂ ਮੌਕੇ ਤੋਂ ਭੱਜਣ ਵਾਲੇ ਤਸਕਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਧੱਕਿਆ ਜਾਵੇਗਾ ਅਤੇ ਇਸ ਪੂਰੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ।
ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਅੰਦਰ ‘20 ਕਿੱਲੋ ਮਾਲ’ ਸੁੱਟ ਗਿਆ ਸੀ ਦਿਸ਼ਾ ਤੋਂ ਭਟਕਿਆ ਡਰੋਨ
ਜਿਕਰਯੋਗ ਹੈ ਕਿ ਬੀਤੇ ਦਿਨ ਦਿਸ਼ਾ ਭਟਕਿਆ ਇਕ ਵੱਡਾ ਪਾਕਿਸਤਾਨੀ ਡਰੋਨ ਕੌਮਾਂਤਰੀ ਸਰਹੱਦ ਤੋਂ ਕਰੀਬ 15 ਕਿਲੋਮੀਟਰ ਅੰਦਰ ਆ ਕੇ ਪਿੰਡ ਰੱਜੀ ਵਾਲਾ ਅਤੇ ਪੱਧਰੀ ਵਿਚਾਲੇ ਹੈਰੋਇਨ ਦੀ ਇਕ ਖੇਪ ਸੁੱਟ ਗਿਆ ਸੀ । ਇਸ ਸਬੰਧੀ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੇ ਜਾਣ ਮਗਰੋਂ ਹੈਰੋਇਨ ਅਤੇ ਹੋਰ ਸਾਮਾਨ ਦੀ ਬਰਾਮਦਗੀ ਹੋਈ ਸੀ।ਪੁਲਿਸ ਵੱਲੋਂ ਬਰਾਮਦ ਚਾਂਦੀ ਦੀਆਂ ਪੰਜੇਬਾਂ ਅਤੇ ਬਲਿੰਕਿੰਗ ਸਟਿੱਕਾਂ ਨੂੰ ਸਥਾਨਕ ਵਸਨੀਕਾਂ ਵੱਲੋਂ ਸੋਨਾ ਅਤੇ ਚਾਂਦੀ ਦੇ ਗਹਿਣੇ ਸਮਝਿਆ ਗਿਆ ਸੀ।