ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਫ਼ਿਰੋਜ਼ਪੁਰ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ
Publish Date: Thu, 24 Sep 2026 06:30 PM (IST)
Updated Date: Fri, 25 Sep 2026 04:09 AM (IST)
ਇਲਾਕੇ ’ਚ ਫੈਲੀ ਸਨਸਨੀ, ਪੁਲਿਸ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਸੁਰੱਖਿਆ ਹੇਠ ਚੈਕਿੰਗ ਜਾਰੀ; ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਥਾਣਾ ਸਦਰ ਖੇਤਰ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ਼ ਐਮੀਨੈਂਸ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੀ ਅਲਰਟ ’ਤੇ ਹੈ । ਧਮਕੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਸੁਰੱਖਿਆ ਬਲ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਵਿੱਚ ਜੁੱਟ ਗਏ। ਭਾਵੇਂ ਕਿ ਹੁਣ ਤੱਕ ਆਈਆਂ ਧਮਕੀ ਭਰੀਆਂ ਮੇਲਾਂ ਫਰਜ਼ੀ ਹੀ ਸਾਬਤ ਹੋਈਆਂ ਹਨ , ਪਰ ਇਸਦੇ ਬਾਵਜੂਦ ਕੋਈ ਰਿਸਕ ਨਾਂ ਲੈਂਦਿਆਂ ਵੱਡੀ ਗਿਣਤੀ ਵਿੱਚ ਪੁਲਿਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਵੇਰੇ ਲਗਭਗ 10 ਵਜੇ ਸਕੂਲ ਦੀ ਈਮੇਲ ਆਈਡੀ ’ਤੇ ਇੱਕ ਮੈਸਜ ਰਿਸੀਵ ਹੋਇਆ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਜ਼ਿਕਰ ਕਰਦਿਆਂ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਈਮੇਲ ਮਿਲਣ ਤੋਂ ਬਾਅਦ ਕੁਝ ਸਮੇਂ ਲਈ ਸਕੂਲ ਵਿੱਚ ਅਫ਼ਰਾ-ਤਫ਼ੜੀ ਵਾਲਾ ਮਾਹੌਲ ਬਣ ਗਿਆ, ਪਰ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਥਿਤੀ ਨੂੰ ਤੁਰੰਤ ਸੰਭਾਲ ਲਿਆ। ਮੌਕੇ ’ਤੇ ਪਹੁੰਚੇ ਡੀ ਐਸ ਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤੇ ਅਤੇ ਵਿਸ਼ੇਸ਼ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਸਕੂਲ ਦੀ ਘੇਰਾਬੰਦੀ ਕਰਕੇ ਕਮਰਿਆਂ ਦੀ ਫਿਜ਼ੀਕਲ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਿਕ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸਕੂਲ ਦੇ ਗਰਾਊਂਡ ਵਿੱਚ ਬਿਠਾਇਆ ਗਿਆ ਹੈ। ਪੁਲਿਸ ਨੇ ਜਨਤਾ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਸਰ ਸ਼ਰਾਰਤੀ ਅਨਸਰ ਦਹਿਸ਼ਤ ਫੈਲਾਉਣ ਲਈ ਅਜਿਹੀਆਂ ਈਮੇਲਾਂ ਭੇਜਦੇ ਹਨ, ਪਰ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ। ਸਾਈਬਰ ਸੈੱਲ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਹਾ ਹੈ ਅਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।