ਬਜ਼ੁਰਗ ਤੋਂ ਵਾਲੀਆਂ ਖੋਹਣ ਵਾਲੇ 2 ਗ੍ਰਿਫ਼ਤਾਰ
ਫਿਰੋਜ਼ਪੁਰ ਪੁਲਿਸ ਨੇ ਬਜ਼ੁਰਗ ਮਹਿਲਾ ਤੋਂ ਵਾਲੀਆਂ ਖੋਹਣ ਵਾਲੇ 2 ਕੀਤੇ ਕਾਬੂ
Publish Date: Fri, 13 Feb 2026 06:11 PM (IST)
Updated Date: Fri, 13 Feb 2026 06:15 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਇਕ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਭਾਰੀ ਸਮਾਨ ਸਮੇਤ ਫੜ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਿਲਸ ਮੁਖੀ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਿਸ ਡੀਐਸਪੀ ਸਿਟੀ ਦੀ ਰਹਿਨੁਮਾਈ ਹੇਠ ਕਾਰਵਾਈ ਕਰਦਿਆਂ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਟੀਮ ਨੇ ਦੋ ਅਜਿਹੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇਲਾਕੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਬੀਤੀ 28 ਜਨਵਰੀ 2026 ਨੂੰ ਫਿਰੋਜ਼ਪੁਰ ਕੈਂਟ ਦੇ ਇਲਾਕੇ ਵਿਚ ਇਕ ਬਜ਼ੁਰਗ ਜੋੜਾ ਆਪਣੀ ਐਕਟਿਵਾ ਸਕੂਟਰੀ ’ਤੇ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਬੜੀ ਬੇਰਹਿਮੀ ਨਾਲ ਸਕੂਟਰੀ ਦੇ ਪਿੱਛੇ ਬੈਠੀ ਬਜ਼ੁਰਗ ਮਹਿਲਾ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੁੱਖ ਅਫਸਰ ਸੁਖਚੈਨ ਮਹਿਤਾ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਦਾ ਗਠਨ ਕਰਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਸੀ। ਪੁਲਿਸ ਵੱਲੋਂ ਪੜਤਾਲ ਤੋਂ ਬਾਅਦ ਦੋ ਦੋਸ਼ੀਅਨ ਸਾਗਰ ਪੁੱਤਰ ਸੀਰਾ ਵਾਸੀ ਪਿੰਡ ਪਾਲਾਸਰ ਤਰਨਤਾਰਨ, ਹਾਲ ਵਾਸੀ ਨੇੜੇ ਦਾਣਾ ਮੰਡੀ, ਗੁਰੂਹਰਸਹਾਏ ਅਤੇ ਮਨਕੋਮਲ ਸਿੰਘ ਉਰਫ ਕੋਬਾ ਪੁੱਤਰ ਚੰਨ ਸਿੰਘ ਵਾਸੀ ਨੇੜੇ ਅੰਡਰਬ੍ਰਿਜ ਕਟੋਰਾ, ਥਾਣਾ ਆਰਿਫ ਕੇ, ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਫੜੇ ਗਏ ਦੋਸ਼ੀਅਨ ਕੋਲੋਂ ਸਿਰਫ ਸੋਨੇ ਦੀਆਂ ਵਾਲੀਆਂ ਹੀ ਨਹੀਂ, ਬਲਕਿ ਹੋਰ ਵੀ ਕਈ ਵਾਰਦਾਤਾਂ ਵਿਚ ਵਰਤਿਆ ਗਿਆ ਅਤੇ ਚੋਰੀ ਕੀਤਾ ਸਾਮਾਨ ਇਕ ਸੈੱਟ ਸੋਨੇ ਦੀਆਂ ਵਾਲੀਆਂ, 13 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ, 1 ਸਮਾਰਟ ਘੜੀ ਅਤੇ 02 ਐੱਲਸੀਡੀ ਤੇ 2 ਮੋਟਰਸਾਈਕਲ ਜੋ ਵਾਰਦਾਤਾਂ ਵਿਚ ਵਰਤੇ ਗਏ ਸਨ ਬਰਾਮਦ ਕੀਤੇ ਗਏ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਦੋਸ਼ੀ ਪੇਸ਼ੇਵਰ ਅਪਰਾਧੀ ਹਨ। ਸਾਗਰ ਅਤੇ ਮਨਕੋਮਲ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਕੈਂਟ ਅਤੇ ਥਾਣਾ ਆਰਿਫ ਕੇ ਵਿਚ ਲੁੱਟ-ਖੋਹ ਦੇ ਕਈ ਮੁਕੱਦਮੇ ਦਰਜ ਹਨ। ਪੁਲਿਸ ਨੇ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।