- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਅਸਲ ਗਨਮੈਨ ਏਐੱਸਆਈ ਰੇਸ਼ਮ ਸਿੰਘ ਬਿਮਾਰ ਹੋਣ ਕਾਰਨ ਛੁੱਟੀ ’ਤੇ ਹੈ ਅਤੇ ਉਸ ਦੀ ਥਾਂ ਐੱਸਐੱਸਪੀ ਦਫ਼ਤਰ ਵੱਲੋਂ ਅਮਰਜੀਤ ਸਿੰਘ ਨੂੰ ਆਰਜ਼ੀ ਤੌਰ ’ਤੇ ਭੇਜਿਆ ਗਿਆ ਸੀ। ਉਨ੍ਹਾਂ ਮੁਤਾਬਕ, ਸਬੰਧਤ ਮੁਲਾਜ਼ਮ ਨੇ ਡਿਊਟੀ ’ਤੇ ਆਉਣ ਮਗਰੋਂ ਕੰਮ ਕਰਨ ਤੋਂ ਅਸਮਰੱਥਾ ਜਤਾਈ ਅਤੇ ਕਥਿਤ ਤੌਰ ’ਤੇ ਦੋ ਵਜੇ ਤੋਂ ਬਾਅਦ ਗੈਰਹਾਜ਼ਰ ਰਿਹਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਵੱਲੋਂ ਮੰਗਲਵਾਰ ਦੇਰ ਸ਼ਾਮ ਕੀਤੇ ਟਵੀਟ ਨੇ ਪੰਜਾਬ ਦੀਆਂ ਸਿਆਸੀ ਸਫ਼ਾਂ ’ਚ ਹਲਚਲ ਮਚਾ ਦਿੱਤੀ। ਪੰਨੂੰ ਦੇ ਟਵੀਟ ’ਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਤੋਂ ਤਰਨ ਤਾਰਨ ਦੇ ਖਾਲੜਾ ਵਿਖੇ ਅਫੀਮ ਬਰਾਮਦ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੇ ਜਾਣ ਮਗਰੋਂ ਕੁਲਬੀਰ ਜ਼ੀਰਾ ਨੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਪੰਜਾਬ ਸਰਕਾਰ, ਡੀਜੀਪੀ ਪੰਜਾਬ ਅਤੇ ਐੱਸਐੱਸਪੀ ਫ਼ਿਰੋਜ਼ਪੁਰ ’ਤੇ ਗੰਭੀਰ ਇਲਜ਼ਾਮ ਲਾਉਂਦਿਆਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਮਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ।
ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਅਸਲ ਗਨਮੈਨ ਏਐੱਸਆਈ ਰੇਸ਼ਮ ਸਿੰਘ ਬਿਮਾਰ ਹੋਣ ਕਾਰਨ ਛੁੱਟੀ ’ਤੇ ਹੈ ਅਤੇ ਉਸ ਦੀ ਥਾਂ ਐੱਸਐੱਸਪੀ ਦਫ਼ਤਰ ਵੱਲੋਂ ਅਮਰਜੀਤ ਸਿੰਘ ਨੂੰ ਆਰਜ਼ੀ ਤੌਰ ’ਤੇ ਭੇਜਿਆ ਗਿਆ ਸੀ। ਉਨ੍ਹਾਂ ਮੁਤਾਬਕ, ਸਬੰਧਤ ਮੁਲਾਜ਼ਮ ਨੇ ਡਿਊਟੀ ’ਤੇ ਆਉਣ ਮਗਰੋਂ ਕੰਮ ਕਰਨ ਤੋਂ ਅਸਮਰੱਥਾ ਜਤਾਈ ਅਤੇ ਕਥਿਤ ਤੌਰ ’ਤੇ ਦੋ ਵਜੇ ਤੋਂ ਬਾਅਦ ਗੈਰਹਾਜ਼ਰ ਰਿਹਾ। ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਸਬੰਧਤ ਪੁਲਿਸ ਅਧਿਕਾਰੀ ਨੂੰ ਫ਼ੋਨ ਕਰਕੇ ਜਾਣੂ ਵੀ ਕਰਵਾਇਆ ਸੀ। ਸਾਬਕਾ ਵਿਧਾਇਕ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਹੁਣ ਉਨ੍ਹਾਂ ਦੀ ਸੁਰੱਖਿਆ ਨਾਲ ਕਥਿਤ ਲਾਪਰਵਾਹੀ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ ਜਾਂ ਕਿਸੇ ਸਾਜ਼ਿਸ਼ ਤਹਿਤ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਜ਼ੀਰਾ ਨੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਕਰਕੇ ਸੁਰੱਖਿਆ ਵਿੰਗ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣ। ਉਨ੍ਹਾਂ ਨੇ ਸਬੰਧਤ ਪੁਲਿਸ ਮੁਲਾਜ਼ਮਾਂ ਦੇ ਗੈਂਗਸਟਰਾਂ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਅਤੇ ਫ਼ੋਨ ਰਿਕਾਰਡ ਖੰਗਾਲਣ ਦੀ ਵੀ ਮੰਗ ਕੀਤੀ।ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਜ਼ੀਰਾ ਵੱਲੋਂ ਲਾਏ ਦੋਸ਼ਾਂ ਅਤੇ ਗਨਮੈਨ ਤੋਂ ਅਫੀਮ ਬਰਾਮਦ ਹੋਣ ਦੇ ਮਾਮਲੇ ਵਿੱਚ ਪੁਲਿਸ ਜਾਂ ਸਰਕਾਰ ਦਾ ਪੱਖ ਇੱਥੇ ਉਪਲਬਧ ਨਹੀਂ ਹੈ। ਮਾਮਲੇ ਦੀ ਅਧਿਕਾਰਤ ਪੁਸ਼ਟੀ ਅਤੇ ਜਾਂਚ ਦੇ ਵੇਰਵਿਆਂ ਦੀ ਉਡੀਕ ਹੈ।