- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਤਲਵੰਡੀ ਭਾਈ ਇਲਾਕੇ ਦੇ ਇਕ ਪਿੰਡ ਵਿਚ ਇੱਕ ਵਿਅੱਕਤੀ ਵੱਲੋਂ ਆਪਣੀ ਪਤਨੀ ਦੇ ਦੋਵੇਂ ਹੱਥ ਅਤੇ ਬੁੱਲ੍ਹ ਵੱਢਣ ਦੀ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪਾਣੀ ਵਾਲੀ ਟੈਂਕੀ ’ਤੇ ਖੁਦ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਥਾਣਾ ਤਲਵੰਡੀ ਭਾਈ ਇਲਾਕੇ ਦੇ ਇਕ ਪਿੰਡ ਵਿਚ ਇੱਕ ਵਿਅੱਕਤੀ ਵੱਲੋਂ ਆਪਣੀ ਪਤਨੀ ਦੇ ਦੋਵੇਂ ਹੱਥ ਅਤੇ ਬੁੱਲ੍ਹ ਵੱਢਣ ਦੀ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪਾਣੀ ਵਾਲੀ ਟੈਂਕੀ ’ਤੇ ਖੁਦ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ।
ਮ੍ਰਿਤਕ ਨੂੰ ਸ਼ੱਕ ਸੀ ਕਿ ਸਰਕਾਰੀ ਸਕੂਲ ਵਿੱਚ ਬਤੌਰ ਮਿਡ ਡੇ ਮੀਲ ਕੁੱਕ ਵਜੋਂ ਕੰਮ ਕਰਦੀ ਉਸ ਦੀ ਪਤਨੀ ਦੇ ਸਕੂਲ ਦੇ ਹੈਡਮਾਸਟਰ ਨਾਲ ਕਥਿੱਤ ਪ੍ਰੇਮ ਸਬੰਧ ਸਨ। ਮ੍ਰਿਤਕ ਆਪਣੇ ਪਿੱਛੇ 4 ਸਾਲ ਦਾ ਮਾਸੂਮ ਬੱਚਾ ਛੱਡ ਗਿਆ ਹੈ, ਜਦਕਿ ਪਤਨੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ’ਤੇ ਕਾਰਵਾਈ ਵਿੱਚ ਢਿੱਲ ਮੱਠ ਕਰਨ ਅਤੇ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਲਾਏ ਹਨ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਨਪ੍ਰੀਤ ਸਿੰਘ ਦੀ ਪਤਨੀ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਸਰਕਾਰੀ ਸਕੂਲ ਵਿਚ ਮਿਡ-ਡੇ-ਮੀਲ ਕੁੱਕ ਵਜੋਂ ਕੰਮ ਕਰਦੀ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਸ ਦੇ ਕਥਿੱਤ ਤੌਰ ’ਤੇ ਸਕੂਲ ਦੇ ਹੈੱਡਮਾਸਟਰ ਸ਼ੁਭਦੀਪ ਸਿੰਘ, ਵਾਸੀ ਕਾਨੇਵਾਲੀ ਨਾਲ ਨਾਜਾਇਜ਼ ਸਬੰਧ ਸਨ। ਮਨਪ੍ਰੀਤ ਸਿੰਘ ਆਪਣੀ ਪਤਨੀ ਅਤੇ ਉਕਤ ਮਾਸਟਰ ਨੂੰ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਨ੍ਹਾਂ ਵਿੱਚ ਕੋਈ ਸੁਧਾਰ ਨਹੀਂ ਆਇਆ।
ਇਸੇ ਪਰੇਸ਼ਾਨੀ ਦੇ ਆਲਮ ਵਿਚ ਮਨਪ੍ਰੀਤ ਨੇ ਪਹਿਲਾਂ ਆਪਣੀ ਪਤਨੀ ਦੇ ਹੱਥ, ਬੁੱਲ ਅਤੇ ਜੀਭ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਫੋਨ ਕਰਕੇ ਜ਼ਖ਼ਮੀ ਪਤਨੀ ਬਾਰੇ ਦੱਸਿਆ ਅਤੇ ਆਪ ਸਕੂਲ ਦੀ ਟੈਂਕੀ ’ਤੇ ਚੜ੍ਹ ਕੇ ਫਾਂਸੀ ਲਗਾ ਕੇ ਜਾਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ।
ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਵਿਵਾਦ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਲਗਭਗ 6-7 ਮਹੀਨੇ ਪਹਿਲਾਂ ਵੀ ਮਨਪ੍ਰੀਤ ਨੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਆਪਣੇ 4 ਸਾਲ ਦੇ ਬੱਚੇ ਅਤੇ ਪਤਨੀ ਦਾ ਗਲਾ ਵੱਢ ਕੇ ਅਤੇ ਆਪ ਨੂੰ ਕਰੰਟ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਸਮੇਂ ਕਿਸਮਤ ਨਾਲ ਤਿੰਨਾਂ ਦੀ ਜਾਨ ਬਚ ਗਈ ਸੀ। ਪਰਿਵਾਰ ਨੂੰ ਆਸ ਸੀ ਕਿ ਸ਼ਾਇਦ ਹੁਣ ਹਾਲਾਤ ਸੁਧਰ ਜਾਣਗੇ, ਪਰ ਮਾਮਲਾ ਸੁਲਝਣ ਦੀ ਬਜਾਏ ਹੋਰ ਗੰਭੀਰ ਹੁੰਦਾ ਗਿਆ। ਪਰਿਵਾਰਕਿ ਮੈਂਬਰਾਂ ਨੇ ਇੱਕ ਹੋਰ ਹੈਰਾਨੀਜਨਕ ਦਾਅਵਾ ਕੀਤਾ ਹੈ ਕਿ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਪਤਨੀ ਨੇ ਉੱਥੇ ਕਿਸੇ ਹੋਰ ਮਰੀਜ਼ ਦੇ ਫੋਨ ਤੋਂ ਹੈੱਡਮਾਸਟਰ ਨੂੰ ਕਾਲ ਕੀਤੀ ਅਤੇ ਉਸ ਨੂੰ ਫਰਾਰ ਹੋਣ ਲਈ ਕਿਹਾ। ਪਰਿਵਾਰ ਅਨੁਸਾਰ, ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਕਾਲ ਹਸਪਤਾਲ ਦੇ ਦੇ ਇਕ ਮਰੀਜ਼ ਦੇ ਮੋਬਾਇਲ ਤੋਂ ਕੀਤੀ ਗਈ ਸੀ।
ਪਿੰਡ ਦੇ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਤਲਵੰਡੀ ਭਾਈ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਪੁਲਿਸ ਸਮੇਂ ’ਤੇ ਐਕਸ਼ਨ ਲੈਂਦੀ ਤਾਂ ਬਚ ਸਕਦੀ ਸੀ ਮਨਪ੍ਰੀਤ ਦੀ ਜਾਨ; ਪਿੰਡਵਾਸੀ
ਪਿੰਡਵਾਸੀਆਂ ਅਤੇ ਸਰਪੰਚ ਨੇ ਦੱਸਿਆ ਕਿ ਜਦੋਂ ਮਨਪ੍ਰੀਤ ਟੈਂਕੀ ’ਤੇ ਚੜ੍ਹਿਆ ਹੋਇਆ ਸੀ, ਤਾਂ ਉਨ੍ਹਾਂ ਨੇ 112 ਅਤੇ 100 ਨੰਬਰ ਅਤੇ ਥਾਣੇ ’ਚ ਫੋਨ ਕੀਤੇ, ਪਰ ਪੁਲਿਸ ਵੱਲੋਂ ਕੋਈ ਠੋਸ ਮਦਦ ਨਹੀਂ ਮਿਲੀ ,ਸਗੋਂ ਰੁੱਖਾ ਵਿਵਹਾਰ ਕੀਤਾ ਗਿਆ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਇਸ਼ਾਰੇ ਨਾਲ ਦੱਸਿਆ ਸੀ ਕਿ ਉਸ ਦੇ ਮੋਬਾਈਲ ਵਿੱਚ ਸਾਰੇ ਸਬੂਤ ਮੌਜੂਦ ਹਨ। ਪੁਲਿਸ ਨੇ ਫੋਨ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਣ ਦੀ ਗੱਲ ਕਹੀ ਹੈ, ਪਰ ਪਰਿਵਾਰ ਨੂੰ ਡਰ ਹੈ ਕਿ ਪੁਲਿਸ ਮਾਮਲੇ ਨੂੰ ਢਿੱਲਾ ਪਾ ਰਹੀ ਹੈ ਅਤੇ ਡਾਟਾ ਖ਼ਰਾਬ ਜਾਂ ਡਲੀਟ ਕੀਤਾ ਜਾ ਸਕਦਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਦੋਸ਼ੀ ਹੈੱਡਮਾਸਟਰ ਨਾਲ ਮਿਲੀਭੁਗਤ ਕਰ ਲਈ ਹੈ ਅਤੇ ਉਨ੍ਹਾਂ ਨੂੰ ਥਾਣੇ ਦੇ ਅੰਦਰ ਵੀ ਨਹੀਂ ਜਾਣ ਦਿੱਤਾ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਦੇ ਦੋਸ਼ੀ ਹੈੱਡਮਾਸਟਰ ਸ਼ੁਭਦੀਪ ਸਿੰਘ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਅਧਿਆਪਕਾਂ ਕਰਕੇ ਸਕੂਲਾਂ ਦਾ ਮਾਹੌਲ ਖ਼ਰਾਬ ਹੁੰਦਾ ਹੈ, ਇਸ ਲਈ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।