- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰਾ ਸਿੰਘ ਪੁੱਤਰ ਬਲਾਲ, ਸੁਖਦੇਵ ਸਿੰਘ ਪੁੱਤਰ ਤਾਰਾ ਸਿੰਘ, ਜੋਗਿੰਦਰੋ ਪਤਨੀ ਬਲਕਾਰ ਸਿੰਘ ਅਤੇ ਬਲਜਿੰਦਰ ਪਤਨੀ ਦਰਬਾਰਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਧਰਮਸ਼ਾਲਾ ਦੀ ਚਾਰਦੀਵਾਰੀ, ਕਬਰਿਸਤਾਨ ਦੀ ਸੁਰੱਖਿਆ,ਗਲੀਆਂ ਅਤੇ ਨਾਲੀਆਂ ਦੀ ਉਸਾਰੀ ਵਰਗੇ ਅਹਿਮ ਕੰਮ ਲੰਮੇ ਸਮੇਂ ਤੋਂ ਅਧੂਰੇ ਪਏ ਹਨ।

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਹਲਕਾ ਜ਼ੀਰਾ ਦੇ ਪਿੰਡ ਸ਼ੀਹਾਂਪਾੜੀ ਵਿਖੇ ਪਿੰਡ ਦੇ ਵਿਕਾਸ ਕਾਰਜ ਨਾ ਹੋਣ ਅਤੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਪੰਚਾਇਤ ਮੈਂਬਰ ਦਰਬਾਰਾ ਸਿੰਘ ਵੱਲੋਂ ਅਪਣਾਇਆ ਗਿਆ ਰੋਸ ਦਾ ਰਾਹ ਉਸ ਸਮੇਂ ਗੰਭੀਰ ਰੂਪ ਧਾਰ ਗਿਆ,ਜਦੋਂ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਸਵੇਰੇ ਕਰੀਬ 4 ਵਜੇ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹਿਆ। ਉਸ ਦੇ ਇਸ ਕਦਮ ਨਾਲ ਸਾਰੇ ਪਿੰਡ ਵਿੱਚ ਹਲਚਲ ਮੱਚ ਗਈ।
ਦਰਬਾਰਾ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿੱਚ ਵਿਕਾਸ ਦੇ ਨਾਂ ’ਤੇ ਕੋਈ ਠੋਸ ਕੰਮ ਨਹੀਂ ਹੋਇਆ ਲੋਕ ਲੰਮੇ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਲਈ ਜੱਦੋ-ਜਹਿਦ ਕਰ ਰਹੇ ਹਨ। ਬਾਅਦ ਦੁਪਹਿਰ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਮੌਕੇ ’ਤੇ ਪਹੁੰਚ ਕੇ ਉਸ ਦੀਆਂ ਮੰਗਾਂ ਦੇ ਹੱਲ ਲਈ ਯਤਨ ਕਰਨ ਦਾ ਭਰੋਸਾ ਦਿੱਤਾ,ਜਿਸ ਮਗਰੋਂ ਦਰਬਾਰਾ ਸਿੰਘ ਟੈਂਕੀ ਤੋਂ ਹੇਠਾਂ ਆਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਬਾਰਾ ਸਿੰਘ ਪੁੱਤਰ ਬਲਾਲ, ਸੁਖਦੇਵ ਸਿੰਘ ਪੁੱਤਰ ਤਾਰਾ ਸਿੰਘ, ਜੋਗਿੰਦਰੋ ਪਤਨੀ ਬਲਕਾਰ ਸਿੰਘ ਅਤੇ ਬਲਜਿੰਦਰ ਪਤਨੀ ਦਰਬਾਰਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਧਰਮਸ਼ਾਲਾ ਦੀ ਚਾਰਦੀਵਾਰੀ, ਕਬਰਿਸਤਾਨ ਦੀ ਸੁਰੱਖਿਆ,ਗਲੀਆਂ ਅਤੇ ਨਾਲੀਆਂ ਦੀ ਉਸਾਰੀ ਵਰਗੇ ਅਹਿਮ ਕੰਮ ਲੰਮੇ ਸਮੇਂ ਤੋਂ ਅਧੂਰੇ ਪਏ ਹਨ।
ਕਬਰਿਸਤਾਨ ਵਿੱਚ ਪਸ਼ੂ ਛੱਡੇ ਜਾਣ ਕਾਰਨ ਗੰਦਗੀ ਫੈਲਦੀ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।ਪਿੰਡ ਦੇ ਵਾਟਰ ਵਰਕਸ ’ਤੇ ਕੋਈ ਪੱਕਾ ਮੁਲਾਜ਼ਮ ਤਾਇਨਾਤ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਨਿਯਮਤ ਨਹੀਂ ਹੈ। ਲੋਕਾਂ ਮੁਤਾਬਕ ਕਦੇ ਥੋੜ੍ਹੇ ਸਮੇਂ ਲਈ ਪਾਣੀ ਛੱਡਿਆ ਜਾਂਦਾ ਹੈ, ਜਦਕਿ ਸਵੇਰੇ-ਸ਼ਾਮ ਪੀਣ ਵਾਲੇ ਪਾਣੀ ਦੀ ਯੋਗ ਸਹੂਲਤ ਵੀ ਉਪਲਬਧ ਨਹੀਂ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੰਚਾਇਤ ਦੀ ਕਰੀਬ 10 ਕਿੱਲੇ ਜ਼ਮੀਨ ਨਾਲ ਸਬੰਧਤ ਲਗਭਗ 6 ਲੱਖ ਰੁਪਏ ਦੀ ਰਕਮ ਸਰਕਾਰ ਅਤੇ ਪ੍ਰਸ਼ਾਸਨ ਕੋਲ ਫਸੀ ਹੋਈ ਹੈ।
ਇਸ ਤੋਂ ਇਲਾਵਾ ਸਰਕਾਰ ਦੀ ਮਕਾਨ ਉਸਾਰੀ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚੀ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਲਾਭਪਾਤਰੀਆਂ ਤੋਂ ਦੋ-ਦੋ ਹਜ਼ਾਰ ਰੁਪਏ ਲੈ ਕੇ 30-30 ਹਜ਼ਾਰ ਰੁਪਏ ਖਾਤੇ ਵਿੱਚ ਪਾਉਣ ਦਾ ਭਰੋਸਾ ਦਿੱਤਾ ਗਿਆ ਸੀ,ਪਰ ਅੱਜ ਤੱਕ ਰਕਮ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਈ ਪਰਿਵਾਰ ਪੁਰਾਣੇ ਮਕਾਨ ਢਾਹ ਕੇ ਨਵੇਂ ਮਕਾਨ ਬਣਨ ਦੀ ਉਡੀਕ ਕਰ ਰਹੇ ਹਨ,ਪਰ ਸਹਾਇਤਾ ਨਾ ਮਿਲਣ ਕਾਰਨ ਮੁਸ਼ਕਲਾਂ ਵਿੱਚ ਘਿਰੇ ਹੋਏ ਹਨ।ਇਸ ਮੌਕੇ ਪਿੰਡ ਵਾਸੀਆਂ ਨੇ ਪੰਚਾਇਤੀ ਪ੍ਰਬੰਧਾਂ ਅਤੇ ਸਬੰਧਤ ਜ਼ਿੰਮੇਵਾਰਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਵਿਕਾਸ ਕਾਰਜਾਂ ਲਈ ਆਈਆਂ ਰਕਮਾਂ ਦਾ ਪੂਰਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਇਲਾਕੇ ਦੇ ਵਿਧਾਇਕ ਅਤੇ ਪ੍ਰਸ਼ਾਸਨ ਤੋਂ ਵੀ ਪੁੱਛਿਆ ਕਿ ਜੇਕਰ ਵਿਕਾਸ ਲਈ ਫੰਡ ਜਾਰੀ ਹੋਏ ਹਨ ਤਾਂ ਉਹ ਜ਼ਮੀਨੀ ਪੱਧਰ ’ਤੇ ਕਿੱਥੇ ਖਰਚ ਹੋਏ ਹਨ।ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਬਹੁਤ ਮਹਿਸੂਸ ਹੋਇਆ ਹੈ ਕਿ ਪਿੰਡ ਦਾ ਵਿਕਾਸ ਨਾ ਹੋਣ ਅਤੇ ਪਿੰਡ ਵਾਸੀਆਂ ਨੂੰ ਖੱਜਲ ਖੁਆਰ ਹੋਣ ਦੇ ਦੁੱਖੋਂ ਪਿੰਡ ਦੇ ਵਿਅਕਤੀ ਨੂੰ ਇਨਸਾਫ ਲੈਣ ਲਈ ਅਜਿਹਾ ਕਦਮ ਚੁੱਕਣਾ ਪਿਆ।ਉਨ੍ਹਾਂ ਦਰਬਾਰਾ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਧਰਮਸ਼ਾਲਾ ਅਤੇ ਕਬਰਿਸਤਾਨ ਦੀ ਚਾਰਦੀਵਾਰੀ,ਗਲੀਆਂ-ਨਾਲੀਆਂ ਦੀ ਉਸਾਰੀ,ਵਾਟਰ ਵਰਕਸ ’ਤੇ ਪੱਕੇ ਮੁਲਾਜ਼ਮ ਦੀ ਤਾਇਨਾਤੀ ਸਮੇਤ ਉਠਾਈਆਂ ਗਈਆਂ ਮੰਗਾਂ ਨੂੰ ਸਬੰਧਤ ਪੱਧਰ ’ਤੇ ਪਹੁੰਚਾ ਕੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ।ਉਨ੍ਹਾਂ ਦੇ ਭਰੋਸੇ ਮਗਰੋਂ ਦਰਬਾਰਾ ਸਿੰਘ ਨੇ ਟੈਂਕੀ ਤੋਂ ਹੇਠਾਂ ਉਤਰ ਕੇ ਆਪਣਾ ਰੋਸ ਸਮਾਪਤ ਕੀਤਾ।