- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਪਾਸੇ ਜਿੱਥੇ ਲੋਕ ਦੁਸਹਿਰੇ ਦਾ ਤਿਉਹਾਰ ਖੁਸ਼ੀਆਂ ਨਾਲ ਮਨਾ ਰਹੇ ਸਨ, ਉੱਥੇ ਹੀ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਦੁਸਹਿਰਾ ਵੇਖਣ ਗਏ ਨੌਜਵਾਨ ਦੀ ਅਗਲੇ ਦਿਨ ਲਾਸ਼ ਬਰਾਮਦ ਹੋਈ।

ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਇੱਕ ਪਾਸੇ ਜਿੱਥੇ ਲੋਕ ਦੁਸਹਿਰੇ ਦਾ ਤਿਉਹਾਰ ਖੁਸ਼ੀਆਂ ਨਾਲ ਮਨਾ ਰਹੇ ਸਨ, ਉੱਥੇ ਹੀ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਦੁਸਹਿਰਾ ਵੇਖਣ ਗਏ ਨੌਜਵਾਨ ਦੀ ਅਗਲੇ ਦਿਨ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ, ਵਾਸੀ ਪਿੰਡ ਬਸਤੀ ਮੱਘਰ ਸਿੰਘ ਵਾਲੀ ਵਜੋਂ ਹੋਈ ਹੈ। ਪਰਿਵਾਰ ਨੇ ਨੌਜਵਾਨ ਦੀ ਮੌਤ ਨੂੰ ਲੈ ਕੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਮੰਗਲਵਾਰ ਨੂੰ ਦੁਸਹਿਰਾ ਵੇਖਣ ਲਈ ਘਰੋਂ ਗਿਆ ਸੀ, ਪਰ ਉਹ ਵਾਪਸ ਘਰ ਨਹੀਂ ਪਰਤਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਪਰਿਵਾਰ ਵੱਲੋਂ ਅੱਧੀ ਰਾਤ ਤੱਕ ਉਸ ਦੀ ਭਾਲ ਕੀਤੀ ਗਈ, ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਬੁੱਧਵਾਰ ਸਵੇਰੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਪੁਲ਼ ਦੇ ਹੇਠਾਂ ਸਥਿਤ ਇੱਕ ਬੰਦ ਪਏ ਸ਼ੈਲਰ ਦੇ ਪਿਛਲੇ ਪਾਸੇ ਖੰਡਰ ਬਣੇ ਕਮਰਿਆਂ ਵਿੱਚ ਲਖਵਿੰਦਰ ਸਿੰਘ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਬਰਾਮਦ ਕੀਤਾ।
ਪਰਿਵਾਰਕ ਮੈਂਬਰਾਂ ਅਨੁਸਾਰ ਲਖਵਿੰਦਰ ਸਿੰਘ ਦੇ ਗਲੇ 'ਤੇ ਕੱਟ ਦੇ ਨਿਸ਼ਾਨ ਸਨ, ਜਦਕਿ ਅੱਖਾਂ ਅਤੇ ਕੰਨਾਂ 'ਤੇ ਵੀ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ। ਇਨ੍ਹਾਂ ਹਾਲਾਤ ਦੇ ਆਧਾਰ 'ਤੇ ਪਰਿਵਾਰ ਨੇ ਉਸ ਦੀ ਮੌਤ ਪਿੱਛੇ ਕਤਲ ਹੋਣ ਦਾ ਸ਼ੱਕ ਪ੍ਰਗਟਾਇਆ ਹੈ।
ਮ੍ਰਿਤਕ ਦੀ ਪਤਨੀ ਸਰੋਜ, ਤਾਇਆ ਕਰਨੈਲ ਸਿੰਘ ਅਤੇ ਚਚੇਰੇ ਭਰਾ ਸੰਦੀਪ ਨੇ ਦੱਸਿਆ ਕਿ ਲਖਵਿੰਦਰ ਸਿੰਘ ਦੇ ਵੱਡੇ ਭਰਾ ਦੀ ਵੀ ਚਾਰ ਸਾਲ ਪਹਿਲਾਂ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ ਸੀ। ਲਖਵਿੰਦਰ ਹੀ ਟਰੱਕ ਡਰਾਈਵਰੀ ਕਰਕੇ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਭਰਾ ਦੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।
ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਜੇਕਰ ਕਤਲ ਹੋਇਆ ਹੈ ਤਾਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪੁਲਿਸ ਜਾਂਚ 'ਤੇ ਟਿਕੀਆਂ ਹੋਈਆਂ ਹਨ। ਪੁਲਿਸ ਨੇ ਲਖਵਿੰਦਰ ਦੀ ਮ੍ਰਿਤਕ ਦੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।