- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸੈਨੀਵਾਲਾ ਤੋਂ ਖੇਮਕਰਨ ਹੈੱਡਕੁਆਰਟਰ ਵੱਲ ਜਾ ਰਹੀ ਬੀਐੱਸਐੱਫ ਦੀ ਇਕ ਬੱਸ ਸਾਹਮਣੇ ਤੋਂ ਆ ਰਹੇ ਟਰਾਲੇ ਨੂੰ ਓਵਰਟੇਕ ਕਰਨ ਦੌਰਾਨ ਸੰਤੁਲਨ ਗੁਆ ਬੈਠੀ ਤੇ ਸੜਕ ਤੋਂ ਹੇਠਾਂ ਝੋਨੇ ਦੇ ਖੇਤਾਂ ’ਚ ਪਲਟ ਗਈ। ਹਾਦਸੇ ਦੌਰਾਨ ਬੱਸ ’ਚ ਸਵਾਰ ਬੀਐੱਸਐੱਫ ਦੇ 6 ਜਵਾਨ ਜ਼ਖ਼ਮੀ ਹੋ ਗਏ।

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਫਿਰੋਜ਼ਪੁਰ-ਪੱਟੀ ਰੋਡ ’ਤੇ ਮਾਲਵਾ-ਮਾਝਾ ਨੂੰ ਜੋੜਦੇ ਪੁਲ਼ ਬੰਡਾਲਾ ਨੇੜੇ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਇਕ ਵੱਡਾ ਹਾਦਸਾ ਵਾਪਰ ਗਿਆ। ਹੁਸੈਨੀਵਾਲਾ ਤੋਂ ਖੇਮਕਰਨ ਹੈੱਡਕੁਆਰਟਰ ਵੱਲ ਜਾ ਰਹੀ ਬੀਐੱਸਐੱਫ ਦੀ ਇਕ ਬੱਸ ਸਾਹਮਣੇ ਤੋਂ ਆ ਰਹੇ ਟਰਾਲੇ ਨੂੰ ਓਵਰਟੇਕ ਕਰਨ ਦੌਰਾਨ ਸੰਤੁਲਨ ਗੁਆ ਬੈਠੀ ਤੇ ਸੜਕ ਤੋਂ ਹੇਠਾਂ ਝੋਨੇ ਦੇ ਖੇਤਾਂ ’ਚ ਪਲਟ ਗਈ। ਹਾਦਸੇ ਦੌਰਾਨ ਬੱਸ ’ਚ ਸਵਾਰ ਬੀਐੱਸਐੱਫ ਦੇ 6 ਜਵਾਨ ਜ਼ਖ਼ਮੀ ਹੋ ਗਏ।
ਮੌਕੇ ’ਤੇ ਮੌਜੂਦ ਸਾਥੀ ਜਵਾਨਾਂ ਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਵਾਈ ਸ਼ੁਰੂ ਕਰਦਿਆਂ ਜ਼ਖ਼ਮੀਆਂ ਨੂੰ ਬੀਐੱਸਐੱਫ ਦੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੀਐੱਸਐੱਫ ਦੇ ਇੰਸਪੈਕਟਰ ਰਾਮ ਕੁਮਾਰ ਨੇ ਦੱਸਿਆ ਕਿ ਬੱਸ ਹੁਸੈਨੀਵਾਲਾ ਤੋਂ ਹੈੱਡ ਕੁਆਰਟਰ ਖੇਮਕਰਨ ਨੂੰ ਜਾ ਰਹੀ ਸੀ, ਜਿਸ ’ਚ ਕੁੱਲ 34 ਜਵਾਨ ਸਵਾਰ ਸਨ। ਜਦੋਂ ਬੱਸ ਮਾਲਵਾ ਮਾਝਾ ਪੁਲ ਬੰਡਾਲਾ ਨੇੜੇ ਪਹੁੰਚੀ ਤਾਂ ਅੱਗੋਂ ਆ ਰਹੇ ਟਰਾਲੇ ਨੂੰ ਓਵਰਟੇਕ ਕਰਨ ਸਮੇਂ ਚਾਲਕ ਦਾ ਬੱਸ ’ਤੇ ਕੰਟਰੋਲ ਵਿਗੜ ਗਿਆ, ਜਿਸ ਕਾਰਨ ਬੱਸ ਡੂੰਘੇ ਖੇਤਾਂ ’ਚ ਜਾ ਕੇ ਪਲਟ ਗਈ। ਬੀਐੱਸਐੱਫ ਦੇ ਜਵਾਨਾਂ ਨੇ ਕ੍ਰੇਨ ਦੀ ਮਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਹਾਦਸਾਗ੍ਰਸਤ ਬੱਸ ਨੂੰ ਖੇਤਾਂ ਵਿਚੋਂ ਬਾਹਰ ਕੱਢਿਆ।