- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂਹਰਸਹਾਏ ਤੋਂ ਪੁਲਿਸ ਵਿਭਾਗ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਰੂਹਰਸਹਾਏ ਥਾਣੇ ਵਿਚ ਤੈਨਾਤ ਇਕ ਪੁਲਿਸ ਸਿਪਾਹੀ ਖ਼ਿਲਾਫ਼ ਉਸੇ ਥਾਣੇ ਵਿੱਚ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਗੁਰੂਹਰਸਹਾਏ ਤੋਂ ਪੁਲਿਸ ਵਿਭਾਗ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਰੂਹਰਸਹਾਏ ਥਾਣੇ ਵਿਚ ਤੈਨਾਤ ਇਕ ਪੁਲਿਸ ਸਿਪਾਹੀ ਖ਼ਿਲਾਫ਼ ਉਸੇ ਥਾਣੇ ਵਿੱਚ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਸਿਪਾਹੀ ਏਕਜੋਤ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹਵਾਲਾਤ ਵਿੱਚ ਬੰਦ ਕੀਤਾ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਮੁਤਾਬਿਕ ਸਿਪਾਹੀ ਏਕਜੋਤ ਸਿੰਘ ’ਤੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੇ ਗਏ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਸੂਤਰਾਂ ਮੁਤਾਬਕ ਸਿਪਾਹੀ ਏਕਜੋਤ ਆਪਣੇ ਪਿਤਾ ਦੀ ਥਾਂ ’ਤੇ ਪੁਲਿਸ ਵਿਭਾਗ ਵਿੱਚ ਨੌਕਰੀ ’ਤੇ ਲੱਗਿਆ ਸੀ ਅਤੇ ਉਸ ਦੀ ਨੌਕਰੀ ਦਾ ਤਿੰਨ ਸਾਲ ਦਾ ਸਮਾਂ ਵੀ ਅਜੇ ਪੂਰਾ ਨਹੀਂ ਹੋਇਆ ਸੀ। ਇਸ ਘਟਨਾ ਨੇ ਪੁਲਿਸ ਵਿਭਾਗ ਦੇ ਅੰਦਰ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਮਾਮਲੇ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵੱਲੋਂ ਤਿੰਨਾਂ ਦਾ ਤਿੰਨ-ਤਿੰਨ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਗਿਆ ਹੈ। ਹੁਣ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਮੋਟਰਸਾਈਕਲ ਚੋਰੀ ਦੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।