ਰਣਨੀਤੀ, ਵਫ਼ਾਦਾਰੀ ਤੇ ਸਿਆਸੀ ਦਾਅ-ਪੇਚਾਂ ਦੀ ਲੜਾਈ ਬਣੀ ਨਗਰ ਕੌਂਸਲ ਫਿਰੋਜ਼ਪੁਰ ਦੀ ਪ੍ਰਧਾਨਗੀ ਰਣਨੀਤੀ, ਵਫ਼ਾਦਾਰੀ ਅਤੇ ਸਿਆਸੀ ਦਾਅ-ਪੇਚਾਂ ਦੀ ਲੜਾਈ ਬਣੀ ਨਗਰ ਕੌਂਸਲ ਫਿਰੋਜ਼ਪੁਰ ਦੀ ਪ੍ਰਧਾਨਗੀ
Publish Date: Sun, 12 Jul 2026 07:26 PM (IST)
Updated Date: Sun, 12 Jul 2026 07:27 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਨਗਰ ਕੌਂਸਲ ਫਿਰੋਜ਼ਪੁਰ ਦੀ ਪ੍ਰਧਾਨਗੀ ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖਰਾਂ ਤੇ ਹਨ। ਕਾਗਜ਼ਾਂ ਤੇ ਕਾਂਗਰਸ ਕੋਲ 33 ਵਿੱਚੋਂ 18 ਕੌਂਸਲਰਾਂ ਦਾ ਸਮਰਥਨ ਹੋਣ ਕਾਰਨ ਪ੍ਰਧਾਨਗੀ ਦਾ ਰਾਹ ਆਸਾਨ ਦਿਖਾਈ ਦੇ ਰਿਹਾ ਹੈ, ਪਰ ਅੰਦਰੂਨੀ ਖਿੱਚੋਤਾਣ ਅਤੇ ਸੰਭਾਵੀ ਭੀਤਰਘਾਤ ਨੇ ਸਮੀਕਰਨਾਂ ਨੂੰ ਦਿਲਚਸਪ ਬਣਾ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ਤੇ ਹੈ ਕਿ ਜੇਕਰ ਆਖ਼ਰੀ ਸਮੇਂ ਤੱਕ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਕਾਰੋਬਾਰੀ ਅਸ਼ੋਕ ਸਚਦੇਵਾ ਦੇ ਸਿਰ ਪ੍ਰਧਾਨਗੀ ਦਾ ਤਾਜ ਸਜ ਸਕਦਾ ਹੈ। ਕੁੱਲ ਮਿਲਾ ਕੇ ਨਗਰ ਕੌਂਸਲ ਫਿਰੋਜ਼ਪੁਰ ਦੀ ਪ੍ਰਧਾਨਗੀ ਹੁਣ ਸਿਰਫ਼ ਗਿਣਤੀ ਦੀ ਨਹੀਂ, ਸਗੋਂ ਰਣਨੀਤੀ, ਵਫ਼ਾਦਾਰੀ ਅਤੇ ਆਖ਼ਰੀ ਪਲ ਦੇ ਸਿਆਸੀ ਦਾਅ-ਪੇਚਾਂ ਦੀ ਲੜਾਈ ਬਣ ਚੁੱਕੀ ਹੈ। ਸੂਤਰਾਂ ਅਨੁਸਾਰ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਪਹਿਲੀ ਪਸੰਦ ਅਸ਼ੋਕ ਸਚਦੇਵਾ ਨੂੰ ਮੰਨਿਆ ਜਾ ਰਿਹਾ ਹੈ। ਪਿੰਕੀ ਧੜਾ ਚਾਹੁੰਦਾ ਹੈ ਕਿ ਪ੍ਰਧਾਨਗੀ ਅਜਿਹੇ ਚਿਹਰੇ ਨੂੰ ਮਿਲੇ ਜੋ ਸੰਗਠਨ ਅਤੇ ਪ੍ਰਸ਼ਾਸਨ ਵਿਚਕਾਰ ਤਾਲਮੇਲ ਬਣਾਈ ਰੱਖ ਸਕੇ। ਇਸੇ ਕਾਰਨ ਸਚਦੇਵਾ ਦਾ ਨਾਮ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ, ਪਿੰਕੀ ਧੜੇ ਨਾਲ ਜੁੜੇ ਕਾਂਗਰਸੀ ਆਗੂ ਮੋਂਟੀ ਨੇ ਪ੍ਰਧਾਨਗੀ ਦੀ ਦਾਅਵੇਦਾਰੀ ਨੂੰ ਲੈ ਕੇ ਲਗਾਤਾਰ ਮੀਡੀਆ ਰਾਹੀਂ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ ਹੈ। ਮੋਂਟੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਉਹ, ਪਿਤਾ ਅਤੇ ਮਾਤਾ 6ਵੀਂ ਵਾਰ ਕੌਂਸਲਰ ਚੁਣੇ ਜਾ ਚੁੱਕੇ ਹਨ, ਇਸ ਲਈ ਪ੍ਰਧਾਨਗੀ ਤੇ ਉਨ੍ਹਾਂ ਦਾ ਵੀ ਜਾਇਜ਼ ਹੱਕ ਬਣਦਾ ਹੈ। ਮੋਂਟੀ ਦੇ ਇਹ ਬਿਆਨ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਦਾ ਸੰਕੇਤ ਮੰਨੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਮੁਕਾਬਲਾ ਵਿਰੋਧੀ ਧਿਰ ਨਾਲੋਂ ਵੱਧ ਕਾਂਗਰਸ ਦੀ ਅੰਦਰੂਨੀ ਏਕਤਾ ਦੀ ਪਰਖ ਹੋਵੇਗਾ। ਜੇਕਰ ਪਾਰਟੀ ਆਪਣੇ ਸਾਰੇ ਕੌਂਸਲਰਾਂ ਨੂੰ ਇਕਜੁੱਟ ਰੱਖਣ ਵਿੱਚ ਕਾਮਯਾਬ ਰਹਿੰਦੀ ਹੈ ਤਾਂ ਪ੍ਰਧਾਨਗੀ ਹਾਸਲ ਕਰਨ ਵਿੱਚ ਵੱਡੀ ਰੁਕਾਵਟ ਨਹੀਂ ਆਵੇਗੀ। ਪਰ ਜੇ ਭੀਤਰਘਾਤ ਜਾਂ ਕਰਾਸ ਵੋਟਿੰਗ ਦੀ ਸਥਿਤੀ ਬਣੀ ਤਾਂ ਸਮੀਕਰਨ ਪਲਾਂ ਵਿੱਚ ਬਦਲ ਸਕਦੇ ਹਨ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਜੇ ਮੋਂਟੀ ਨੇ ਖੁੱਲ੍ਹ ਕੇ ਬਾਗੀ ਰੁਖ਼ ਅਖਤਿਆਰ ਕੀਤਾ ਹੋਇਆ ਹੈ । ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪੰਜ, ਭਾਜਪਾ ਦੇ ਸੱਤ, ਦੋ ਆਜ਼ਾਦ ਕੌਂਸਲਰਾਂ ਅਤੇ ਇੱਕ ਬਸਪਾ ਕੌਂਸਲਰ ਵੱਲੋਂ ਬਿਨਾਂ ਸ਼ਰਤ ਸਮਰਥਨ ਮਿਲਣ ਦੀਆਂ ਚਰਚਾਵਾਂ ਹਨ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਦੂਜੇ ਪਾਸੇ, ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਾਂਗਰਸ ਦੇ ਦੋ ਜਾਂ ਤਿੰਨ ਕੌਂਸਲਰ ਬਾਗੀ ਹੁੰਦੇ ਹਨ ਤਾਂ ਪਿੰਕੀ ਧੜਾ ਵੀ ਵਿਰੋਧੀ ਧਿਰ ਦੇ ਕੁਝ ਕੌਂਸਲਰਾਂ ਦਾ ਗੁਪਤ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਕਾਂਗਰਸ ਆਪਣਾ ਮੈਜਿਕ ਨੰਬਰ ਬਚਾ ਪਾਉਂਦੀ ਹੈ ਜਾਂ ਅੰਦਰੂਨੀ ਖਿੱਚੋਤਾਣ ਸਿਆਸੀ ਤਸਵੀਰ ਬਦਲ ਦਿੰਦੀ ਹੈ। ਕੌਂਸਲਰਾਂ ਵੱਲੋਂ ਕੀਤੇ ਕੰਮਾਂ ਕਾਰਨ ਹੀ ਕਾਂਗਰਸ ਨੂੰ ਮਿਲਿਆ ‘ਮੈਜਿਕ ਨੰਬਰ’ ਨਗਰ ਕੌਂਸਲ ਫਿਰੋਜ਼ਪੁਰ ਵਿੱਚ ਬੀਤੀ ਟਰਮ ਵਿੱਚ ਕਾਂਗਰਸ ਕੋਲ ਸਾਰੇ 33 ਕੌਂਸਲਰ ਸਨ।ਕਾਂਗਰਸ ਵੱਲੋਂ ਬੀਤੇ ਪੰਜ ਸਾਲ ਰਿੰਕੂ ਗਰੋਵਰ ਨੂੰ ਪ੍ਰਧਾਨ ਬਣਾਇਆ ਗਿਆ ਸੀ। ਇਸ ਦੌਰਾਨ ਜਿਹੜੇ ਕੌਂਸਲਰ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਦੇ ਰਹੇ ਉਨ੍ਹਾਂ ਕੌਂਸਲਰਾਂ ਵੱਲੋਂ ਕੀਤੇ ਕੰਮਾਂ ਦਾ ਹੀ ਨਤੀਜਾ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਦੋਬਾਰਾ ਕੌਂਸਲਰ ਚੁਣ ਲਿਆ।