- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹਿਕ ਛੁੱਟੀ ਲੈ ਕੇ ਫ਼ਿਰੋਜ਼ਪੁਰ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢਿਆ ਵਿਸ਼ਾਲ ਰੋਸ ਮਾਰਚ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਐਕਸ਼ਨ ਦੇ ਸੱਦੇ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਸਕੂਲ ਬੰਦ ਰਹੇ। ਵੱਡੀ ਗਿਣਤੀ ਵਿੱਚ ਅਧਿਆਪਕ, ਮੁਲਾਜ਼ਮ ਅਤੇ ਪੈਨਸ਼ਨਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕੱਠੇ ਹੋਏ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਅਣਗਹਿਲੀ ਵਾਲੇ ਰਵੱਈਏ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। ਇਸ ਉਪਰੰਤ ਮੁਲਾਜ਼ਮਾਂ ਨੇ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਤੋਂ ਹੁੰਦੇ ਹੋਏ ਬਸਤੀ ਟੈਂਕਾਂ ਵਾਲੀ, ਸ਼ਹੀਦ ਊਧਮ ਸਿੰਘ ਚੌਕ ਅਤੇ ਰੇਲਵੇ ਪੁਲ ਰਾਹੀਂ ਵਾਪਸ ਡੀ.ਸੀ. ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਇਸ ਮੌਕੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਮਾਨਸਾ ਦੇ ਸਾਥੀ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮ ਆਗੂਆਂ ਨਾਲ ਹਰ 15 ਦਿਨਾਂ ਬਾਅਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਕਤੂਬਰ ਦੇ ਪਹਿਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਅਤੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੱਠ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਅੱਜ ਸਾਰੇ ਪੰਜਾਬ ਵਿੱਚ ਇਵੇਂ ਹੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕੱਲ੍ਹ 22 ਅਕਤੂਬਰ ਨੂੰ ਡੀਸੀ ਦਫਤਰ ਫ਼ਿਰੋਜ਼ਪੁਰ ਅੱਗੇ ਵਿਸ਼ਾਲ ਇਕੱਠ ਕਰਕੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਪਿੱਪਲ ਸਿੰਘ ਸਿੱਧੂ, ਸੁਰਿੰਦਰ ਪਾਲ ਸ਼ਰਮਾ, ਰਾਕੇਸ਼ ਸ਼ਰਮਾ, ਰਮਨਦੀਪ ਸਿੰਘ, ਮਲਕੀਤ ਸਿੰਘ ਹਰਾਜ, ਨਰਿੰਦਰ ਸ਼ਰਮਾ,ਪ੍ਰਤਾਪ ਸਿੰਘ, ਅਜੀਤ ਸਿੰਘ ਸੋਢੀ, ਪਰਮਜੀਤ ਸਿੰਘ ਪੰਮਾ, ਜਗਸੀਰ ਸਿੰਘ ਗਿੱਲ,ਲਖਵਿੰਦਰ ਸਿੰਘ ਸਿਮਕ,ਸਰਬਜੀਤ ਸਿੰਘ ਭਾਵੜਾ, ਜਗਸੀਰ ਸਿੰਘ ਭਾਂਗਰ, ਹਰਜੀਤ ਸਿੰਘ ਸਿੱਧੂ, ਪ੍ਰਦੀਪ ਕੁਮਾਰ, ਬਲਬੀਰ ਕੰਬੋਜ ਪ੍ਰਤਾਪ ਸਿੰਘ ਢਿੱਲੋ, ਓਮ ਪ੍ਰਕਾਸ਼, ਰਾਜਬੀਰ ਢਿੱਲੋ, ਸੋਨੂੰ ਕਸ਼ਯਪ, ਗੁਰਤੇਜ ਸਿੰਘ, ਰਾਮ ਪ੍ਰਸਾਦ, ਮਨੋਹਰ ਲਾਲ, ਗੁਰਜੀਤ ਸਿੰਘ , ਨਿਰਮਲ ਸਿੰਘ, ਸਰਬਜੀਤ ਸਿੰਘ ਟੁਰਨਾ, ਬਲਵਿੰਦਰ ਸਿੰਘ ਸੰਧੂ, ਨਵੀਨ ਸਚਦੇਵਾ, ਬਲਰਾਮ ਸ਼ਰਮਾ, ਰਾਜਦੀਪ ਸੰਧੂ, ਸੁਰਿੰਦਰ ਕੰਬੋਜ਼ ਤੋਂ ਇਲਾਵਾ ਹੋਰ ਵੀ ਹਾਜਰ਼ ਸਨ।