ਮਾਲ ਢੁਆਈ ’ਚ ਫਿਰੋਜ਼ਪੁਰ ਮੰਡਲ ਦਾ ਸ਼ਾਨਦਾਰ ਪ੍ਰਦਰਸ਼ਨ ਮਾਲ ਢੁਆਈ ਵਿੱਚ ਫਿਰੋਜ਼ਪੁਰ ਮੰਡਲ ਦਾ ਸ਼ਾਨਦਾਰ ਪ੍ਰਦਰਸ਼ਨ, ਅਕਤੂਬਰ ਮਹੀਨੇ ਦੌਰਾਨ 140 ਕਰੋੜ ਰੁਪਏ ਤੋਂ ਵੱਧ ਦੀ ਕਮਾਈ
Publish Date: Thu, 05 Nov 2026 04:21 PM (IST)
Updated Date: Fri, 06 Nov 2026 04:02 AM (IST)
ਅਕਤੂਬਰ ਮਹੀਨੇ ਦੌਰਾਨ 140 ਕਰੋੜ ਰੁਪਏ ਤੋਂ ਵੱਧ ਦੀ ਕਮਾਈ, ਪਿਛਲੇ ਸਾਲ ਦੇ ਮੁਕਾਬਲੇ ਮਾਲ ਢੁਆਈ ਮਾਲੀਏ ਵਿਚ 64 ਫ਼ੀਸਦੀ ਤੋਂ ਵੱਧ ਦਾ ਵਾਧਾ, ਅਪ੍ਰੈਲ ਤੋਂ ਅਕਤੂਬਰ ਤੱਕ 935.80 ਕਰੋੜ ਰੁਪਏ ਦਾ ਮਾਲੀਆ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਮਾਲ ਢੁਆਈ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕਤੂਬਰ 2026 ਦੌਰਾਨ 140 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ ਹੈ। ਇਹ ਮਾਲੀਆ ਰੇਲਵੇ ਦੇ ਮੁੱਖ ਦਫ਼ਤਰ ਵੱਲੋਂ ਨਿਰਧਾਰਤ ਟੀਚੇ ਨਾਲੋਂ 104 ਫ਼ੀਸਦੀ ਤੋਂ ਵੱਧ ਰਿਹਾ ਹੈ। ਇਸ ਦੇ ਨਾਲ ਹੀ ਪਿਛਲੇ ਵਿੱਤੀ ਸਾਲ ਦੇ ਅਕਤੂਬਰ ਮਹੀਨੇ ਦੇ ਮੁਕਾਬਲੇ ਮਾਲੀਏ ਵਿੱਚ 64 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਚਾਲੂ ਵਿੱਤੀ ਸਾਲ 2026-27 ਦੌਰਾਨ ਅਪ੍ਰੈਲ ਤੋਂ ਅਕਤੂਬਰ ਤੱਕ ਮੰਡਲ ਨੇ ਮਾਲ ਢੁਆਈ ਤੋਂ ਕੁੱਲ 935.80 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ।ਅਕਤੂਬਰ ਮਹੀਨੇ ਦੌਰਾਨ ਮਾਲ ਢੁਆਈ ਦੀ ਆਮਦਨ ਵਿੱਚ ਖੁਰਾਕੀ ਅਨਾਜ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਖੁਰਾਕੀ ਅਨਾਜ ਦੀ ਲੋਡਿੰਗ ਰਾਹੀਂ 87.86 ਕਰੋੜ ਰੁਪਏ ਅਤੇ ਪੀ.ਐੱਫ.ਜੀ. ਲੋਡਿੰਗ ਰਾਹੀਂ 38 ਕਰੋੜ ਰੁਪਏ ਦੀ ਆਮਦਨ ਹੋਈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਖੁਰਾਕੀ ਅਨਾਜ ਦੀ ਲੋਡਿੰਗ ਵਿੱਚ 34 ਫ਼ੀਸਦੀ ਅਤੇ ਪੀ.ਐੱਫ.ਜੀ. ਲੋਡਿੰਗ ਵਿੱਚ 100 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।ਮੰਡਲ ਵੱਲੋਂ ਮਾਲੀਆ ਵਧਾਉਣ ਲਈ ਕਈ ਨਵੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਈ-ਆਕਸ਼ਨ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਅਤੇ ਗੁਡਜ਼ ਸ਼ੈੱਡਾਂ ਵਿੱਚ ਡਿਜੀਟਲ ਵੀਡੀਓ ਵਾਲ ਇਸ਼ਤਿਹਾਰਬਾਜ਼ੀ ਸ਼ਾਮਲ ਹੈ। ਇਨ੍ਹਾਂ ਨਵੀਆਂ ਪਹਿਲਕਦਮੀਆਂ ਤੋਂ 8.741 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।ਅਕਤੂਬਰ ਮਹੀਨੇ ਦੌਰਾਨ ਮੰਡਲ ਨੇ ਕਈ ਹੋਰ ਮਹੱਤਵਪੂਰਨ ਪ੍ਰਾਪਤੀਆਂ ਵੀ ਹਾਸਲ ਕੀਤੀਆਂ। ਇਨ੍ਹਾਂ ਵਿੱਚ ਆਰ.ਸੀ.ਐੱਫ. ਕੋਚਾਂ ਦੀ ਬੰਗਲਾਦੇਸ਼ ਨੂੰ ਬਰਾਮਦ, ਲੁਧਿਆਣਾ ਤੋਂ ਹੌਜ਼ਰੀ ਦੇ ਸਾਮਾਨ ਦੀ ਢੁਆਈ, ਜਲਦੀ ਖ਼ਰਾਬ ਹੋਣ ਵਾਲੀਆਂ ਵਸਤਾਂ ਦੀ ਰਿਕਾਰਡ ਲੋਡਿੰਗ ਅਤੇ ਸਾਹਨੇਵਾਲ ਤੋਂ ਮੁੰਡਿਆਮਪੱਕਮ ਤੱਕ ਪੀ.ਸੀ.ਈ.ਟੀ. ਸੇਵਾ ਦੀ ਸ਼ੁਰੂਆਤ ਸ਼ਾਮਲ ਹੈ। ਇਸ ਸਬੰਧੀ ਸੀਨੀਅਰ ਮੰਡਲ ਵਣਜ ਪ੍ਰਬੰਧਕ (ਫ੍ਰੇਟ) ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵੱਲੋਂ ਵਪਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ। ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਲ ਢੁਆਈ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਨਵੇਂ ਵਪਾਰਕ ਮੌਕੇ ਪੈਦਾ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡਲ ਵੱਲੋਂ ਮਾਲ ਢੁਆਈ ਦੇ ਖੇਤਰ ਵਿੱਚ ਇਸੇ ਤਰ੍ਹਾਂ ਬਿਹਤਰ ਸੇਵਾਵਾਂ ਅਤੇ ਨਵੇਂ ਉਪਰਾਲਿਆਂ ਰਾਹੀਂ ਮਾਲੀਏ ਵਿੱਚ ਵਾਧਾ ਕਰਨ ਦੇ ਯਤਨ ਜਾਰੀ ਰਹਿਣਗੇ।