ਰੇਲਵੇ ਕਰਮਚਾਰੀਆਂ ਲਈ ਸੀਪੀਆਰ ਸਿਖਲਾਈ ਕੈਂਪ ਲਗਾਇਆ
ਫ਼ਿਰੋਜ਼ਪੁਰ ਮੰਡਲ ਵੱਲੋਂ ਰੇਲਵੇ ਕਰਮਚਾਰੀਆਂ ਲਈ ਸੀਪੀਆਰ ਸਿਖਲਾਈ ਕੈਂਪ ਦਾ ਆਯੋਜਨ
Publish Date: Sat, 24 Jan 2026 04:50 PM (IST)
Updated Date: Sat, 24 Jan 2026 04:52 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਫ਼ਿਰੋਜ਼ਪੁਰ ਮੰਡਲ ਦੇ ਮੰਡਲ ਹਸਪਤਾਲ ਵਿਚ ਅੱਜ ਮੁੱਖ ਚਿਕਿਤਸਾ ਅਧੀਖਿਅਕ ਡਾ. ਰੰਜਨਾ ਸਹਿਗਲ ਦੀ ਅਗਵਾਈ ਹੇਠ ਸੰਚਾਲਨ ਵਿਭਾਗ ਦੇ ਕਰਮਚਾਰੀਆਂ ਲਈ ਸੀਪੀਆਰ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਮੰਡਲ ਹਸਪਤਾਲ ਦੇ ਡਾ. ਕਮਲ ਕੁਮਾਰ ਨੇ ਕਰਮਚਾਰੀਆਂ ਨੂੰ ਸੀਪੀਆਰ ਦੇਣ ਦੀ ਸਹੀ ਤਕਨੀਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਕਰਮਚਾਰੀਆਂ ਨੂੰ ਬੁਨਿਆਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪੁਤਲਿਆਂ ’ਤੇ ਡੈਮੋ ਦੇ ਕੇ ਅਭਿਆਸ ਵੀ ਕਰਵਾਇਆ ਗਿਆ। ਇਸ ਸਿਖਲਾਈ ਸੈਸ਼ਨ ਵਿਚ ਕੁੱਲ 25 ਕਰਮਚਾਰੀਆਂ ਨੇ ਭਾਗ ਲਿਆ। ਇਸ ਸਿਖਲਾਈ ਦਾ ਮੁੱਖ ਉਦੇਸ਼ ਕਰਮਚਾਰੀਆਂ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਜੀਵਨ ਰੱਖਿਅਕ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ, ਤਾਂ ਜੋ ਕਿਸੇ ਵੀ ਅਚਾਨਕ ਵਾਪਰੀ ਘਟਨਾ ਦੌਰਾਨ ਸਮੇਂ ਸਿਰ ਉਚਿਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਮੰਡਲ ਦੇ ਫਰੰਟਲਾਈਨ ਸਟਾਫ਼ ਨੂੰ ਸੀਪੀਆਰ ਅਤੇ ਮੁੱਢਲੀ ਸਹਾਇਤਾ ਸਬੰਧੀ ਸਿਖਲਾਈ ਦੇਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਫ਼ਰ ਦੌਰਾਨ ਕਿਸੇ ਵੀ ਮੈਡੀਕਲ ਐਮਰਜੈਂਸੀ ਵੇਲੇ ਰੇਲ ਯਾਤਰੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।