- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਮੰਡਲ ਨੇ ਇੱਕੋ ਦਿਨ ਤਿੰਨ ਐੱਨਐੱਮਜੀ ਰੈਕ ਲੋਡ ਕਰਕੇ ਬਣਾਇਆ ਨਵਾਂ ਰਿਕਾਰਡ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮਾਲ ਢੋਆ-ਢੁਆਈ ਦੇ ਖੇਤਰ ਵਿੱਚ ਫਿਰੋਜ਼ਪੁਰ ਰੇਲਵੇ ਮੰਡਲ ਨੇ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਇੱਕੋ ਦਿਨ ਵਿੱਚ ਤਿੰਨ ਐੱਨਐੱਮਜੀ ਰੈਕ ਲੋਡ ਕਰਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਕਾਰਜ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ 2 ਅਕਤੂਬਰ 2026 ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ। ਇਸ ਦੌਰਾਨ ਤਿੰਨਾਂ ਐੱਨਐੱਮਜੀ ਰੈਕਾਂ ਵਿੱਚ ਟੀਸੀਆਈ ਲੌਜਿਸਟਿਕਸ ਵੱਲੋਂ ਸੋਨਾਲਿਕਾ ਟਰੈਕਟਰਾਂ ਦੀ ਢੋਆ-ਢੁਆਈ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇੱਕੋ ਦਿਨ ਲੋਡ ਕੀਤੇ ਗਏ ਇਨ੍ਹਾਂ ਤਿੰਨ ਐੱਨਐੱਮਜੀ ਰੈਕਾਂ ਰਾਹੀਂ ਕੁੱਲ 418 ਸੋਨਾਲਿਕਾ ਟਰੈਕਟਰਾਂ ਨੂੰ ਵੱਖ-ਵੱਖ ਮੰਜ਼ਿਲਾਂ ਤੱਕ ਭੇਜਿਆ ਗਿਆ। ਇਸ ਮਾਲ ਢੋਆ-ਢੁਆਈ ਤੋਂ ਫਿਰੋਜ਼ਪੁਰ ਮੰਡਲ ਨੂੰ ਕੁੱਲ 37,36,821 ਰੁਪਏ ਦਾ ਮਾਲਭਾੜਾ ਪ੍ਰਾਪਤ ਹੋਇਆ। ਇੱਕੋ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਟਰੈਕਟਰਾਂ ਦੀ ਰੇਲ ਰਾਹੀਂ ਢੋਆ-ਢੁਆਈ ਨੂੰ ਮੰਡਲ ਦੀ ਮਾਲ ਆਵਾਜਾਈ ਸੇਵਾਵਾਂ ਲਈ ਅਹਿਮ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਮੰਡਲ ਵੱਲੋਂ ਮਾਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਮਾਲ ਦੀ ਤੇਜ਼ੀ ਨਾਲ ਲੋਡਿੰਗ, ਸਮੇਂ ਸਿਰ ਰਵਾਨਗੀ ਅਤੇ ਰੈਕਾਂ ਦੇ ਸੁਚਾਰੂ ਸੰਚਾਲਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਗਾਹਕਾਂ ਨੂੰ ਵਧੀਆ ਅਤੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਇਹ ਰਿਕਾਰਡ ਮੰਡਲ ਦੇ ਵੱਖ-ਵੱਖ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਅਤੇ ਸੁਚੱਜੀ ਕਾਰਜਪ੍ਰਣਾਲੀ ਦਾ ਨਤੀਜਾ ਦੱਸਿਆ ਗਿਆ ਹੈ। ਰੇਲਵੇ ਵੱਲੋਂ ਉਦਯੋਗਿਕ ਅਤੇ ਵਪਾਰਕ ਗਾਹਕਾਂ ਨੂੰ ਆਪਣਾ ਮਾਲ ਰੇਲ ਰਾਹੀਂ ਭੇਜਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੰਡਲ ਦਾ ਉਦੇਸ਼ ਮਾਲ ਢੋਆ-ਢੁਆਈ ਵਿੱਚ ਹੋਰ ਵਾਧਾ ਕਰਕੇ ਰੇਲਵੇ ਦੀ ਆਮਦਨ ਵਧਾਉਣ ਦੇ ਨਾਲ ਗਾਹਕਾਂ ਨੂੰ ਤੇਜ਼, ਸੁਰੱਖਿਅਤ ਅਤੇ ਭਰੋਸੇਮੰਦ ਆਵਾਜਾਈ ਸਹੂਲਤ ਪ੍ਰਦਾਨ ਕਰਨਾ ਹੈ।