
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਿਰੋਜ਼ਪੁਰ ਮੰਡਲ ਵੱਲੋਂ ਕੋਟਕਪੂਰਾ ਅਤੇ ਮੋਗਾ ਰੇਲਵੇ ਸਟੇਸ਼ਨਾਂ ’ਤੇ ‘ਬੱਸ ਰੇਡ’ ਰਾਹੀਂ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਰੇਲ ਮੰਡਲ ਵੱਲੋਂ ਬਿਨ੍ਹਾ ਟਿਕਟ ਅਤੇ ਗੈਰ-ਕਾਨੂੰਨੀ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਨਕੇਲ ਕੱਸਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਦੇ ਨਿਰਦੇਸ਼ਾਂ ’ਤੇ ਕੋਟਕਪੂਰਾ ਅਤੇ ਮੋਗਾ ਰੇਲਵੇ ਸਟੇਸ਼ਨਾਂ ’ਤੇ ‘ਬੱਸ ਰੇਡ’ ਰਾਹੀਂ ਅਚਾਨਕ ਚੈਕਿੰਗ ਕਰਕੇ 200 ਯਾਤਰੀਆਂ ਨੂੰ ਫੜ ਕੇ ਭਾਰੀ ਜੁਰਮਾਨਾ ਵਸੂਲਿਆ ਗਿਆ। ਇਸ ਵਿਸ਼ੇਸ਼ ਚੈਕਿੰਗ ਦੌਰਾਨ ਟਿਕਟ ਚੈਕਿੰਗ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੀ ਇਕ ਸਾਂਝੀ ਟੀਮ ਤੈਨਾਤ ਕੀਤੀ ਗਈ ਸੀ। ਇਸ ‘ਬੱਸ ਰੇਡ’ ਰਣਨੀਤੀ ਤਹਿਤ ਟਿਕਟ ਚੈਕਿੰਗ ਟੀਮਾਂ ਬੱਸਾਂ ਰਾਹੀਂ ਪਹਿਲਾਂ ਹੀ ਨਿਰਧਾਰਤ ਸਟੇਸ਼ਨਾਂ ’ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਉੱਥੋਂ ਲੰਘਣ ਵਾਲੀਆਂ ਵੱਖ-ਵੱਖ ਟ੍ਰੇਨਾਂ ਅਤੇ ਸਟੇਸ਼ਨ ਪਰਿਸਰ ਵਿਚ ਅਚਾਨਕ ਚੈਕਿੰਗ ਕੀਤੀ ਗਈ। ਇਸ ਅਚਾਨਕ ਹੋਈ ਕਾਰਵਾਈ ਨਾਲ ਬਿਨ੍ਹਾ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।ਇਸ ਪੂਰੀ ਮੁਹਿੰਮ ਦੌਰਾਨ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰ ਰਹੇ ਕੁੱਲ 200 ਯਾਤਰੀਆਂ ਨੂੰ ਮੌਕੇ ’ਤੇ ਹੀ ਦਬੋਚਿਆ ਗਿਆ। ਰੇਲਵੇ ਟੀਮ ਵੱਲੋਂ ਇਨ੍ਹਾਂ ਯਾਤਰੀਆਂ ਕੋਲੋਂ ਨਿਯਮਾਂ ਅਨੁਸਾਰ 1,12,400 ਰੁਪਏ ਦਾ ਜੁਰਮਾਨਾ)ਵਸੂਲ ਕੀਤਾ ਗਿਆ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਕੋਟਕਪੂਰਾ ਅਤੇ ਮੋਗਾ ਖੇਤਰ ਵਿਚ ਬਿਨ੍ਹਾ ਟਿਕਟ ਯਾਤਰਾ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਬੱਸਾਂ ਰਾਹੀਂ ਪਹੁੰਚ ਕੇ ਅਚਾਨਕ ਛਾਪੇਮਾਰੀ ਕਰਨ ਨਾਲ ਗੈਰ-ਕਾਨੂੰਨੀ ਯਾਤਰੀਆਂ ਵਿਚ ਡਰ ਪੈਦਾ ਹੁੰਦਾ ਹੈ ਅਤੇ ਇਮਾਨਦਾਰ ਯਾਤਰੀਆਂ ਨੂੰ ਸੁਚੱਜੀਆਂ ਸਹੂਲਤਾਂ ਮਿਲਦੀਆਂ ਹਨ। ਫਿਰੋਜ਼ਪੁਰ ਰੇਲ ਮੰਡਲ ਨੇ ਆਮ ਜਨਤਾ ਅਤੇ ਯਾਤਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਉਚਿਤ ਅਤੇ ਵੈਧ ਟਿਕਟ ਖਰੀਦ ਕੇ ਹੀ ਰੇਲ ਸਫ਼ਰ ਕਰਨ। ਇਸ ਤੋਂ ਇਲਾਵਾ ਚੈਕਿੰਗ ਦੌਰਾਨ ਰੇਲਵੇ ਕਰਮਚਾਰੀਆਂ ਦਾ ਪੂਰਾ ਸਹਿਯੋਗ ਕਰਨ। ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਯਾਤਰੀਆਂ ਨੂੰ ਬਿਹਤਰ, ਆਰਾਮਦਾਇਕ ਅਤੇ ਸੁਵਿਧਾਜਨਕ ਸਫ਼ਰ ਮੁਹੱਈਆ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੀਆਂ ਵਿਸ਼ੇਸ਼ ਚੈਕਿੰਗ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ।