ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਖ਼ੂਨੀ ਝੜਪ, ਹਵਾਲਾਤੀ 'ਤੇ ਸੂਏ ਨਾਲ ਕੀਤਾ ਹਮਲਾ; ਜੇਲ੍ਹ ਪ੍ਰਸ਼ਾਸਨ 'ਚ ਮਚੀ ਤਰਥੱਲੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਦੇ ਅੰਦਰ ਆਪਸੀ ਰੰਜਿਸ਼ ਕਾਰਨ ਇਕ ਹਵਾਲਾਤੀ ’ਤੇ ਜਾਨਲੇਵਾ ਹਮਲਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਹਵਾਲਾਤੀ ਖਿਲਾਫ 115 (2), 118 ਬੀਐੱਨਐੱਸ 44 (2) ਪੰਜਾਬ ਪਰੀਜਨ ਅਤੇ ਕੋਰੈਕਸ਼ਨ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Fri, 30 Oct 2026 10:35 AM (IST)
Updated Date: Fri, 30 Oct 2026 10:41 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਦੇ ਅੰਦਰ ਆਪਸੀ ਰੰਜਿਸ਼ ਕਾਰਨ ਇਕ ਹਵਾਲਾਤੀ ’ਤੇ ਜਾਨਲੇਵਾ ਹਮਲਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਹਵਾਲਾਤੀ ਖਿਲਾਫ 115 (2), 118 ਬੀਐੱਨਐੱਸ 44 (2) ਪੰਜਾਬ ਪਰੀਜਨ ਅਤੇ ਕੋਰੈਕਸ਼ਨ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਘਟਨਾ 29 ਅਕਤੂਬਰ 2026 ਨੂੰ ਸਾਹਮਣੇ ਆਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਵਾਲਾਤੀ ਗੁਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖਾਈ ਫੇਮੇ ਕੀ, ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਇਸ ਸਮੇਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦ ਹੈ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ। ਹਵਾਲਾਤੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 12 ਵਿਚ ਬੰਦ ਸੀ। ਬੀਤੀ 26 ਅਕਤੂਬਰ 2026 ਨੂੰ ਜਦੋਂ ਉਹ ਬੈਰਕ ਵਿਚ ਮੌਜ਼ੂਦ ਸੀ, ਤਾਂ ਉੱਥੇ ਮੌਜ਼ੂਦ ਦੂਜੇ ਹਵਾਲਾਤੀ ਸੁੱਖਾ ਉਰਫ਼ ਬਾਸ਼ੀ ਵਾਸੀ ਭਾਵੜਾ ਆਜਮ ਸ਼ਾਹ ਨੇ ਉਸ ’ਤੇ ਤੇਜ਼ਧਾਰ ਹਥਿਆਰ ਸੂਏ ਨਾਲ ਅਚਾਨਕ ਹਮਲਾ ਕਰ ਦਿੱਤਾ।
ਇਸ ਹਮਲੇ ਦੌਰਾਨ ਉਸ ਦੇ ਸਰੀਰ ’ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਹਰਕਤ ਵਿਚ ਆਈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਗੁਰਜੀਤ ਸਿੰਘ ਦੇ ਬਿਆਨਾਂ ’ਤੇ ਹਵਾਲਾਤੀ ਸੁੱਖਾ ਉਰਫ ਬਾਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।