- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਾ ’ਚ ਲੁੱਟਾਂ-ਖੋਹਾਂ ਦਾ ਖ਼ੌਫ਼! ਮੋਬਾਈਲ ਤੇ ਨਕਦੀ ਖੋਹਣ ਮਗਰੋਂ ਵਿਅਕਤੀ ਦੀ ਭੇਤਭਰੀ ਮੌਤ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਨਵੀਂ ਤਲਵੰਡੀ ਰੋਡ ਤੋਂ ਕੱਚਾ ਗਾਦੜੀਵਾਲਾ ਰੋਡ ਨੇੜੇ ਇੱਕ 68 ਸਾਲਾ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਪਰਿਵਾਰ ਨੇ ਲੁੱਟ-ਖੋਹ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਹੈ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਉਰਫ਼ ਬਿੱਲਾ ਢੱਲ (68) ਵਾਸੀ ਘੋੜ ਮੁਹੱਲਾ ਜ਼ੀਰਾ, ਟਰੱਕ ਡਰਾਈਵਰ ਸੀ। ਉਹ ਦੇਰ ਸ਼ਾਮ ਟਰੱਕ ਤੋਂ ਗੇੜਾ ਲਗਾ ਕੇ ਯੂਨੀਅਨ ਵਿੱਚੋਂ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਇਸ ਦੌਰਾਨ ਨਵੀਂ ਤਲਵੰਡੀ ਰੋਡ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦਾ ਮੋਬਾਈਲ ਫ਼ੋਨ ਅਤੇ ਨਕਦੀ ਖੋਹ ਕੇ ਫ਼ਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਦਾ ਪਿੱਛਾ ਕਰਦਿਆਂ ਬਲਜੀਤ ਸਿੰਘ ਕੱਚਾ ਗਾਦੜੀਵਾਲਾ ਰੋਡ ’ਤੇ ਪਹੁੰਚ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਬਲਜੀਤ ਸਿੰਘ ਦੇ ਸਿਰ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋਈ। ਬਲਜੀਤ ਸਿੰਘ ਦੇ ਤਿੰਨ ਪੁੱਤਰਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰ ਵਿੱਚ ਉਸ ਦੀ ਪਤਨੀ, ਨੂੰਹ ਤੇ ਪੋਤਾ-ਪੋਤਰੀ ਰਹਿ ਗਏ ਹਨ। ਪਰਿਵਾਰ ਦਾ ਗੁਜ਼ਾਰਾ ਵੀ ਬਲਜੀਤ ਸਿੰਘ ਦੀ ਕਮਾਈ ’ਤੇ ਹੀ ਨਿਰਭਰ ਸੀ। ਥਾਣਾ ਸਿਟੀ ਜ਼ੀਰਾ ਦੇ ਐੱਸਐੱਚਓ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੌਤ ਦੇ ਅਸਲ ਕਾਰਨਾਂ ਬਾਰੇ ਜਾਂਚ ਪੂਰੀ ਹੋਣ ਮਗਰੋਂ ਹੀ ਸਥਿਤੀ ਸਪੱਸ਼ਟ ਹੋਵੇਗੀ।