ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਕਿਸਾਨਾਂ ਦਾ ਹੱਲਾ-ਬੋਲ
ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਕਿਸਾਨਾਂ ਦਾ ਹੱਲਾ-ਬੋਲ
Publish Date: Wed, 18 Feb 2026 03:48 PM (IST)
Updated Date: Wed, 18 Feb 2026 03:51 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਭਾਰਤੀ ਕਿਸਾਨ ਯੂਨੀਅਨ (ਰਜਿ.) ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਮੁੱਦਕੀ ਵਿਖੇ ਸੰਪੰਨ ਹੋਈ। ਬਲਾਕ ਪ੍ਰਧਾਨ ਬਲਜੀਤ ਸਿੰਘ ਭੰਗਾਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਕਿਸਾਨਾਂ ਦੀਆਂ ਭਵਿੱਖੀ ਚੁਣੌਤੀਆਂ ਅਤੇ ਖਾਸ ਕਰਕੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖੇਤੀਬਾੜੀ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ’ਤੇ ਡੂੰਘੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਗੁਰਇੰਦਰ ਸਿੰਘ ਖਹਿਰਾ ਅਤੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਬੱਬੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨਾਲ ਭਾਰਤੀ ਖੇਤੀ ਅਤੇ ਡੇਅਰੀ ਸੈਕਟਰ ਪੂਰੀ ਤਰ੍ਹਾਂ ਬਰਬਾਦ ਹੋ ਸਕਦਾ ਹੈ। ਕਿਸਾਨ ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਜੇਕਰ ਵਿਦੇਸ਼ੀ ਉਤਪਾਦ ਬਿਨ੍ਹਾ ਕਿਸੇ ਰੋਕ-ਟੋਕ ਦੇ ਭਾਰਤੀ ਬਾਜ਼ਾਰਾਂ ਵਿਚ ਆਉਣ ਲੱਗੇ, ਤਾਂ ਦੇਸ਼ ਦੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦਾ ਆਰਥਿਕ ਲੱਕ ਟੁੱਟ ਜਾਵੇਗਾ।ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਖੇਤੀ ਅਤੇ ਡੇਅਰੀ ਸੈਕਟਰ ਨੂੰ ਇਸ ਵਪਾਰਕ ਸਮਝੌਤੇ ਦੇ ਦਾਇਰੇ ਤੋਂ ਤੁਰੰਤ ਬਾਹਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਕੀਤਾ, ਤਾਂ ਕਿਸਾਨ ਪਹਿਲਾਂ ਵਾਂਗ ਇਕ ਹੋਰ ਵੱਡਾ ਅਤੇ ਤਿੱਖਾ ਅੰਦੋਲਨ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੇ। ਇਸ ਦੌਰਾਨ ਹੋਣ ਵਾਲੇ ਕਿਸੇ ਵੀ ਜਾਨੀ-ਮਾਲੀ ਨੁਕਸਾਨ ਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਕੁਲਵਿੰਦਰ ਸਿੰਘ, ਗੁਰਜੰਟ ਸਿੰਘ ਬਰਾੜ ਇਕਾਈ ਪ੍ਰਧਾਨ ਮੁੱਦਕੀ, ਅਨੂਪ ਸਿੰਘ ਪ੍ਰਧਾਨ ਤਲਵੰਡੀ ਭਾਈ, ਦੂਲਾ ਸਿੰਘ ਪ੍ਰਧਾਨ ਕੋਟਲਾ, ਸੁਰਜੀਤ ਸਿੰਘ ਫੌਜ਼ੀ, ਮਾਸਟਰ ਛਿੰਦਰ ਸਿੰਘ, ਗੁਰਮੇਲ ਸਿੰਘ ਭਾਣੇ ਵਾਲੇ, ਸੁਖਮੰਦਰ ਸਿੰਘ, ਰਣਜੀਤ ਸਿੰਘ ਰਾਣਾ, ਜੱਥੇਦਾਰ ਪਰਮਜੀਤ ਸਿੰਘ, ਸਤਵੰਤ ਸਿੰਘ, ਸੁਰਜੀਤ ਸਿੰਘ ਖਾਲਸਾ, ਗੁਰਮੇਲ ਸਿੰਘ ਸਰਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।