ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਫੁੱਟਿਆ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਫੁੱਟਿਆ, ਜ਼ੀਰਾ ਵਿਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ
Publish Date: Sat, 18 Jul 2026 04:08 PM (IST)
Updated Date: Sat, 18 Jul 2026 04:10 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਦੀਆਂ ਗੂੰਜਾਂ ਜ਼ੀਰਾ ਵਿਚ ਵੀ ਸੁਣਾਈ ਦਿੱਤੀਆਂ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਘੰਟਾ ਘਰ ਮੁੱਖ ਚੌਂਕ ਜ਼ੀਰਾ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਜਾ ਰਿਹਾ ਵਪਾਰ ਸਮਝੌਤਾ ਦੇਸ਼ ਦੀ ਖੇਤੀ, ਡੇਅਰੀ, ਬਾਗਬਾਨੀ ਅਤੇ ਉਦਯੋਗਿਕ ਖੇਤਰ ਲਈ ਗੰਭੀਰ ਚੁਣੌਤੀਆਂ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਦੀ ਵੱਡੇ ਪੱਧਰ ਤੇ ਆਮਦ ਨਾਲ ਦੇਸ਼ ਦੇ ਕਿਸਾਨਾਂ, ਵਪਾਰੀਆਂ ਅਤੇ ਛੋਟੇ ਉਦਯੋਗਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਇਹ ਸਮਝੌਤਾ ਲਾਗੂ ਹੁੰਦਾ ਹੈ ਤਾਂ ਦੇਸ਼ ਦੇ ਖੇਤੀ ਸਹਾਇਕ ਧੰਦੇ, ਡੇਅਰੀ ਅਤੇ ਬਾਗਬਾਨੀ ਖੇਤਰ ਵੀ ਪ੍ਰਭਾਵਿਤ ਹੋਣਗੇ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਸਥਿਤੀ ਹੋਰ ਕਮਜ਼ੋਰ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਮਝੌਤਾ ਸਿਰਫ਼ ਕਿਸਾਨਾਂ ਹੀ ਨਹੀਂ, ਸਗੋਂ ਦੇਸ਼ ਦੀ ਆਰਥਿਕ ਖੁਦਮੁਖਤਿਆਰੀ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਵਪਾਰ ਸਮਝੌਤੇ ਨੂੰ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਰੂਪ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਭਾਗ ਸਿੰਘ ਮਰੂੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਫੇਰੋਕੇ, ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਲੀਪੁਰ, ਜ਼ਿਲ੍ਹਾ ਆਗੂ ਸਤਵੀਰ ਕੌਰ ਝੱਤਰਾ, ਬਲਾਕ ਪ੍ਰਧਾਨ ਸੁਖਪਾਲ ਸਿੰਘ ਸੰਤੂ ਵਾਲਾ, ਬਲਾਕ ਪ੍ਰਧਾਨ ਗੁਲਜ਼ਾਰ ਸਿੰਘ ਗੋਗੋਆਣੀ, ਸੰਜੀਵ ਸਿੰਘ ਤਲਵੰਡੀ ਜੱਲੇ ਖਾਂ, ਬਾਬਾ ਅਮਰਜੀਤ ਸਿੰਘ ਮਨਸੂਰ ਵਾਲਾ, ਕਸ਼ਮੀਰ ਸਿੰਘ ਗਾਦੜੀ ਵਾਲਾ, ਰਾਜਬੀਰ ਸਿੰਘ ਬਾਠ, ਬਲਵਿੰਦਰ ਸਿੰਘ ਢੰਡੀਆਂ, ਕਰਨੈਲ ਸਿੰਘ ਸਾਧੂ ਵਾਲਾ ਅਤੇ ਬਾਬਾ ਮਿਹਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।