4 ਤੋਂ 7 ਅਪ੍ਰੈਲ ਤੱਕ ਹੜਤਾਲ ਕਰਕੇ ਕੰਮ ਬੰਦ ਰੱਖਣ ਦਾ ਐਲਾਨ
ਸਰਕਾਰ ਦੀ ਵਾਅਦਾ ਖਿਲਾਫੀ ਦੇ ਸਬੰਧ ਵਿਚ ਫਰਦ ਕੇਂਦਰ ਮੁਲਾਜ਼ਮਾਂ ਨੇ ਕੀਤੀ ਵਿਸ਼ੇਸ਼ ਮੀਟਿੰਗ
Publish Date: Wed, 01 Apr 2026 03:24 PM (IST)
Updated Date: Wed, 01 Apr 2026 03:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਰਦ ਕੇਂਦਰ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਦੇ ਸਬੰਧ ਵਿਚ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਫਰਦ ਕੇਂਦਰ ਮੁਲਾਜ਼ਮਾਂ ਨੇ ਦੱਸਿਆ ਕਿ ਫਰਦ ਕੇਂਦਰ ਦੇ ਭਵਿੱਖ ਨੂੰ ਲੈ ਕੇ ਸਰਕਾਰ ਦੇ ਦਰਬਾਰ ਵਿੱਚ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਸਾਡੇ ਬਰਖਾਸਤ ਕੀਤੇ ਸਾਥੀਆਂ ਨੂੰ ਮੁੜ ਬਹਾਲ ਕਰਨ ਸਬੰਧੀ ਸਹਿਮਤੀ ਬਣੀ ਸੀ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਉੱਚ ਅਧਿਕਾਰੀਆਂ ਵੱਲੋਂ ਟਾਲ-ਮਟੋਲ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ। ਇਸ ਦੇ ਨਾਲ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਦੀ ਹੋਰ ਮੰਗ ਮਾਰਚ ਮਹੀਨੇ ਵਿਚ ਵਧੀ ਹੋਈ ਤਨਖਾਹ ਬਾਰੇ ਸੀ, ਉਸ ਸਬੰਧ ਵਿਚ ਵੀ ਕੋਈ ਪੱਤਰ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਮੌਜ਼ੂਦਾ ਸੀਐੱਮਐੱਸ ਕੰਪਨੀ ਦਾ ਟੈਂਡਰ 31 ਮਾਰਚ ਨੂੰ ਖਤਮ ਹੋ ਰਿਹਾ ਹੈ, ਜਿਸ ਦੀ ਜਾਣਕਾਰੀ ਆਪਰੇਟਰਾਂ ਨੂੰ ਕੰਪਨੀ ਵੱਲੋਂ ਦਿੱਤੀ ਗਈ ਸੀ। ਹੁਣ 1 ਅਪ੍ਰੈਲ ਤੋਂ ਫਰਦ ਕੇਂਦਰ ਦੇ ਮੁਲਾਜ਼ਮ ਕਿਸ ਹੈਸੀਅਤ ਨਾਲ ਅਤੇ ਕਿਸ ਵਿਭਾਗ ਦੇ ਅਧੀਨ ਕੰਮ ਕਰਨਗੇ, ਇਸ ਬਾਰੇ ਸਰਕਾਰ ਵੱਲੋਂ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਮਾਲੂਮ ਹੋਇਆ ਹੈ ਕਿ ਕੁਝ ਅਣਅਧਿਕਾਰਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਦਾ ਜ਼ੁਬਾਨੀ ਤੌਰ ’ਤੇ ਮਈ 2026 ਤੱਕ ਕਾਰਜਕਾਲ ਵਧਾ ਦਿੱਤਾ ਗਿਆ ਹੈ, ਉਹ ਵੀ ਬਿਨਾਂ ਕਿਸੇ ਟੈਂਡਰ ਦੇ, ਜਿਸ ਦਾ ਸਿੱਧਾ ਮਤਲਬ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇੰਨੇ ਵੱਡੇ ਪੱਧਰ ’ਤੇ ਘੁਟਾਲਾ ਹੋਣ ਜਾ ਰਿਹਾ ਹੈ। ਉਕਤ ਘੁਟਾਲੇ ਦੇ ਸਬੰਧ ਵਿੱਚ ਕਾਨੂੰਨੀ ਮਾਹਿਰਾਂ ਤੋਂ ਵੀ ਸਲਾਹ ਲਈ ਜਾ ਰਹੀ ਹੈ ਅਤੇ ਵਿਰੋਧ ਕਰਦੇ ਹੋਏ ਫਰਦ ਕੇਂਦਰ ਯੂਨੀਅਨ 04 ਤੋਂ 07 ਅਪ੍ਰੈਲ 2026 ਤੱਕ ਹੜਤਾਲ ’ਤੇ ਜਾ ਰਹੀ ਹੈ। ਇਸ ਦੌਰਾਨ ਫਰਦ ਕੇਂਦਰ ਦਾ ਕੰਮ ਪੂਰੀ ਤਰ੍ਹਾਂ ਬੰਦ ਰਹੇਗਾ। ਐਸੋਸੀਏਸ਼ਨ ਆਗੂਆਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਉਹ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਗੇ, ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦਾ ਹੱਲ ਨਹੀਂ ਨਿਕਲਦਾ।