ਖੇਤੀ ਹਾਦਸੇ ਦੇ ਪੀੜਤ ਪਰਿਵਾਰ ਨੂੰ ਵਿਧਾਇਕ ਦਹੀਆ ਨੇ ਸੌਂਪਿਆ 3 ਲੱਖ ਰੁਪਏ ਦਾ ਚੈੱਕ ਖੇਤੀ ਹਾਦਸੇ ਦਾ ਸ਼ਿਕਾਰ ਹੋਏ ਪੀੜ੍ਹਤ ਪਰਿਵਾਰ ਨੂੰ ਮਿਲੀ ਸਰਕਾਰੀ ਮੱਦਦ
Publish Date: Tue, 15 Sep 2026 05:39 PM (IST)
Updated Date: Tue, 15 Sep 2026 05:41 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਇਕ ਅਹਿਮ ਕਦਮ ਚੁੱਕਿਆ ਗਿਆ ਹੈ। ਮਾਰਕੀਟ ਕਮੇਟੀ ਮਮਦੋਟ ਵੱਲੋਂ ਖੇਤੀਬਾੜੀ ਦੇ ਕੰਮਕਾਜ ਦੌਰਾਨ ਵਾਪਰਦੇ ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਵਿੱਤੀ ਰਾਹਤ ਦੇਣ ਦੇ ਲੜੀਵਾਰ ਉੱਦਮ ਤਹਿਤ ਇੱਕ ਪ੍ਰਭਾਵਿਤ ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਜੱਲੋ ਕੇ ਦੇ ਨਿਵਾਸੀ ਕਿਸਾਨ ਕੁਲਦੀਪ ਸਿੰਘ ਦੀ ਖੇਤਾਂ ਵਿੱਚ ਕੰਮ ਕਰਦਿਆਂ ਅਚਾਨਕ ਕਰੰਟ ਲੱਗਣ ਕਾਰਨ ਬੇਵਕਤੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਪੀੜ੍ਹਤ ਪਰਿਵਾਰ ਨੂੰ ਆਰਥਿਕ ਸਹਾਰਾ ਦੇਣ ਦੇ ਮਕਸਦ ਨਾਲ ਸਰਕਾਰੀ ਨਿਯਮਾਂ ਅਨੁਸਾਰ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਗਈ ਸੀ। ਅੱਜ ਮਮਦੋਟ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਫ਼ਿਰੋਜ਼ਪੁਰ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਮ੍ਰਿਤਕ ਕਿਸਾਨ ਦੀ ਪਤਨੀ ਪ੍ਰਵੀਨ ਕੌਰ ਵਾਸੀ ਪਿੰਡ ਜੱਲੋ ਕੇ ਨਾਲ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਵੱਲੋਂ ਤਿਆਰ ਕੀਤਾ ਗਿਆ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਰਸਮੀ ਤੌਰ ’ਤੇ ਸੌਂਪਿਆ।ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਦਹੀਆ ਨੇ ਕਿਹਾ ਕਿ ਖੇਤੀਬਾੜੀ ਦੌਰਾਨ ਹੋਣ ਵਾਲੇ ਹਾਦਸੇ ਬਹੁਤ ਹੀ ਮੰਦਭਾਗੇ ਹੁੰਦੇ ਹਨ। ਭਾਵੇਂ ਕਿਸੇ ਇਨਸਾਨ ਦੀ ਜਾਨ ਦੀ ਕੀਮਤ ਪੈਸਿਆਂ ਨਾਲ ਨਹੀਂ ਚੁਕਾਈ ਜਾ ਸਕਦੀ, ਪਰ ਪੰਜਾਬ ਸਰਕਾਰ ਦਾ ਇਹ ਯਤਨ ਹੈ ਕਿ ਅਜਿਹੇ ਔਖੇ ਸਮੇਂ ਵਿਚ ਪੀੜ੍ਹਤ ਪਰਿਵਾਰਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਗੁਜ਼ਾਰੇ ਵਿਚ ਕੁਝ ਰਾਹਤ ਮਿਲ ਸਕੇ। ਇਸ ਵਿਸ਼ੇਸ਼ ਮੌਕੇ ’ਤੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਕੁਮਾਰ ਰਹੇਜਾ ਵੀ ਉਚੇਚੇ ਤੌਰ ਤੇ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਇਲਾਕੇ ਦੇ ਪ੍ਰਮੁੱਖ ਆਗੂਆਂ ਵਿਚ ਜ਼ਿਲ੍ਹਾ ਪਰਿਸ਼ਦ ਮੈਂਬਰ ਮੇਜਰ ਸਿੰਘ ਬੁਰਜੀ, ਪਿੰਡ ਦੋਨਾਂ ਰਹਿਮਤ ਵਾਲਾ ਦੇ ਸਰਪੰਚ ਮਿਹਰ ਸਿੰਘ, ਬਲਵੀਰ ਸਿੰਘ ਜੱਲੋ ਕੇ, ਸੇਠਾਂ ਵਾਲਾ ਦੇ ਸਾਬਕਾ ਐੱਮਸੀ ਬਲਵਿੰਦਰ ਸਿੰਘ, ਮਨਜਿੰਦਰ ਸਿੰਘ, ਅਤੇ ਸਾਹਿਬ ਸਿੰਘ ਸਾਹਨਕੇ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਪੰਚ-ਸਰਪੰਚ, ਸਮਾਜ ਸੇਵੀ, ਇਲਾਕਾ ਨਿਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ।