ਮਾਰਕੀਟ ’ਚ ਵਿੱਕ ਰਿਹਾ ਨਕਲੀ ‘ਮਿਨਰਲ ਵਾਟਰ’..! ਮਾਰਕੀਟ ’ਚ ਵਿੱਕ ਰਿਹਾ ਹੈ ਨਕਲੀ ‘ਮਿਨਰਲ ਵਾਟਰ’ !
Publish Date: Sun, 29 Nov 2026 06:22 PM (IST)
Updated Date: Sun, 29 Nov 2026 06:25 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ: ਮਾਰਕੀਟ ’ਚ ਵਧ ਰਹੀਆਂ ਨਕਲੀ ‘ਮਿਨਰਲ ਵਾਟਰ’ ਦੀ ਸ਼ਿਕਾਇਤਾਂ ਮਗਰੋਂ ਪੰਜਾਬ ਦਾ ਫੂਡ ਸੇਫਟੀ ਵਿਭਾਗ ਪੂਰੀ ਸਰਗਰਮੀਂ ਨਾਲ ਪੱਬਾਂ ਭਾਰ ਹੋ ਗਿਆ ਹੈ। ਵਿਭਾਗ ਨੇ ਪੈਕਡ ਡ੍ਰਿੰਕਿੰਗ ਵਾਟਰ ਅਤੇ ਮਿਨਰਲ ਵਾਟਰ ਨੂੰ ਹਾਈ ਰਿਸਕ ਫੂਡ ਕੈਟਾਗਰੀ ਵਿੱਚ ਸ਼ਾਮਲ ਕਰਦਿਆਂ ਇਨ੍ਹਾਂ ਦੀ ਨਿਰਮਾਣ ਪ੍ਰਕਿਰਿਆ ਤੋਂ ਲੈ ਕੇ ਬਾਜ਼ਾਰ ਵਿੱਚ ਵਿਕਰੀ ਤੱਕ ਹਰ ਪੜਾਅ ’ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਪਾਣੀ ਦੀਆਂ ਫੈਕਟਰੀਆਂ, ਪ੍ਰੋਸੈਸਿੰਗ ਯੂਨਿਟਾਂ, ਸਟੋਰੇਜ ਗੋਦਾਮਾਂ, ਡਿਸਟ੍ਰੀਬਿਊਟਰਾਂ, ਥੋਕ ਵਿਕਰੇਤਾਵਾਂ ਅਤੇ ਰਿਟੇਲ ਦੁਕਾਨਾਂ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬ ਦੇ ਕਮਿਸ਼ਨਰ, ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਤਲਬੰਦ ਪਾਣੀ ਨੂੰ ਸੁਰੱਖਿਅਤ ਸਮਝ ਕੇ ਪੀਣ ਵਾਲੇ ਲੋਕਾਂ ਦੀ ਸਿਹਤ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਪੈਕਡ ਡ੍ਰਿੰਕਿੰਗ ਵਾਟਰ ਅਤੇ ਮਿਨਰਲ ਵਾਟਰ ਦੀ ਗੁਣਵੱਤਾ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਚੈਕਿੰਗ ਅਤੇ ਸਰਵੇਲੈਂਸ ਮੁਹਿੰਮ ਤੇਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਭਾਗ ਵੱਲੋਂ ਖਪਤਕਾਰਾਂ ਨੂੰ ਪਾਣੀ ਦੀ ਬੋਤਲ ਖਰੀਦਣ ਸਮੇਂ ਸੀਲ, ਬੈਚ ਨੰਬਰ, ਮੈਨੂਫੈਕਚਰਿੰਗ ਅਤੇ ਬੈਸਟ ਬਿਫੋਰ ਤਰੀਕ ਦੇ ਨਾਲ ਐੱਫਐੱਸਐੱਸਏਆਈ ਲਾਇਸੈਂਸ ਦੀ ਜਾਣਕਾਰੀ ਜਾਂਚਣ ਦੀ ਅਪੀਲ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਟੁੱਟੀ, ਖੁੱਲ੍ਹੀ ਜਾਂ ਸ਼ੱਕੀ ਪੈਕਿੰਗ ਵਾਲਾ ਪਾਣੀ ਖਰੀਦਣ ਤੋਂ ਗੁਰੇਜ਼ ਕੀਤਾ ਜਾਵੇ। ----- ਪੁਰਾਣੇ ਉਲੰਘਣਾ ਕਰਨ ਵਾਲੇ ਯੂਨਿਟਾਂ ’ਤੇ ਰਹੇਗੀ ਖ਼ਾਸ ਨਜ਼ਰ ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਮੁਹਿੰਮ ਤਹਿਤ ਵੱਖ-ਵੱਖ ਬ੍ਰਾਂਡਾਂ ਅਤੇ ਮੈਨੂਫੈਕਚਰਿੰਗ ਯੂਨਿਟਾਂ ਤੋਂ ਜੋਖ਼ਮ ਦੇ ਆਧਾਰ ’ਤੇ ਪਾਣੀ ਦੇ ਸੈਂਪਲ ਲੈ ਕੇ ਨਿਰਧਾਰਿਤ ਲੈਬਾਰਟਰੀਆਂ ਵਿੱਚ ਭੇਜੇ ਜਾਣਗੇ। ਖ਼ਾਸ ਤੌਰ ’ਤੇ ਪਹਿਲਾਂ ਨਿਯਮਾਂ ਦੀ ਉਲੰਘਣਾ ਕਰ ਚੁੱਕੀਆਂ ਇਕਾਈਆਂ ਅਤੇ ਬਾਜ਼ਾਰ ਵਿੱਚ ਵਧੇਰੇ ਵਿਕਣ ਵਾਲੇ ਬ੍ਰਾਂਡਾਂ ਦੀ ਜਾਂਚ ਨੂੰ ਤਰਜੀਹ ਦਿੱਤੀ ਜਾਵੇਗੀ।ਜਾਂਚ ਦੌਰਾਨ ਪਾਣੀ ਦੀ ਗੁਣਵੱਤਾ, ਪੈਕਿੰਗ, ਸਟੋਰੇਜ ਜਾਂ ਵਿਕਰੀ ਵਿੱਚ ਕੋਈ ਖ਼ਾਮੀ ਮਿਲਣ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ-2006 ਤਹਿਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਕਾਰੋਬਾਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ। -- ਵਿਆਹਾਂ ਸ਼ਾਦੀਆਂ ’ਚ ਪੈਲੇਸਾਂ ਤੇ ਮੇਲਿਆਂ ’ਚ ਜ਼ਿਆਦਾਤਰ ਮਿਲਦਾ ਹੈ ‘ਨਕਲੀ ਵਾਟਰ’ ਉਧਰ ਵਿਭਾਗੀ ਸੂਤਰਾਂ ਨੇ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਦੌਰਾਨ ਕੁੱਝ ਪੈਲਸਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੱਗਣ ਵਾਲੀਆ ਮਾਰਕੀਟਾਂ ਅਤੇ ਮੇਲਿਆਂ ਵਿੱਚ ਨਕਲੀ ਪਾਣੀ ਮਿਲਣ ਦੀਆਂ ਕਾਫੀ ਸ਼ਿਕਾਇਤਾ ਆ ਰਹੀਆਂ ਹਨ। ਇਹੋ ਕਾਰਨ ਹੈ ਕਿ ਜ਼ਿਆਦਾਤਰ ਛੋਟੀਆਂ ਬੋਤਲਾਂ ਵਾਲੇ ਪਾਣੀ ਦੇ ਸਵਾਦ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਸੂਤਰਾਂ ਮੁਤਾਬਿਕ ਵਿਭਾਗ ਵੱਲੋਂ ਚੱਲਦੇ ਵਿਆਹਾਂ ਵਿੱਚ ਪੈਲਸਾਂ ਦਾ ਪਾਣੀ ਚੈੱਕ ਕੀਤਾ ਜਾ ਸਕਦਾ ਹੈ।